ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।
        
   .

A56. ਪੰਜਾਬੀ ਵੋਟਰਾਂ ਨੂੰ ਇਕ ਬੇਨਤੀ।

ਅੱਜ ਤੋਂ ਤਕਰੀਬਨ 20 ਕੁ ਵਰ੍ਹੇ ਪਹਿਲਾਂ ਜਿਨ੍ਹਾਂ ਕਦਰਾਂ ਕੀਮਤਾਂ ਨੂੰ ਬੁਰਾਈ ਸਮਝਿਆ ਜਾਂਦਾ ਸੀ ਉਹ ਅੱਜ ਚੰਗਿਆਈ ਮੰਨੀਆਂ ਜਾਣ ਲੱਗੀਆਂ ਹਨ। ਲੋਕਾਂ ਨੇ ਭ੍ਰਿਸ਼ਟਾਚਾਰ ਅਪਣਾ ਲਿਆ ਹੈ। ਲੋਕ ਸੋਚਦੇ ਹਨ ਕਿ ਬਿਨਾਂ ਪੈਸਾ ਦਿੱਤੇ ਕੋਈ ਕੰਮ ਹੋ ਹੀ ਨਹੀਂ ਸਕਦਾ। ਪੰਜਾਬ ਦੇ ਅੱਜ ਦੇ ਰਾਜ ਪ੍ਰਬੰਧ ਨੂੰ ਮਾਫ਼ੀਆ ਰਾਜ ਕਿਹਾ ਜਾਣ ਲਗਾ ਹੇ। ਮਾਫ਼ੀਆ ਫਰੈਂਚ ਸ਼ਬਦ ਹੈ ਜਿਸ ਦਾ ਅਰਥ ਹੈ ਉਹ ਗਰੋਹ ਜੋ ਦੂਸਰਿਆਂ ਦੀ ਜਾਇਦਾਦ, ਕਾਰੋਬਾਰ, ਪੈਸਾ, ਗੈਰ ਕਨੂੰਨੀ ਢੰਗ ਨਾਲ, ਧੱਕੇਸ਼ਾਹੀ ਨਾਲ, ਆਪਣੇ ਕਬਜ਼ੇ ਵਿਚ ਲੈ ਲੈਂਦਾ ਹੈ। ਅੱਜ ਪੰਜਾਬ ਵਿਚ ਕਈ ਤਰਾਂ ਦੇ ਮਾਫ਼ੀਆ ਗਰੋਹ ਪੈਦਾ ਹੋ ਗਏ ਹਨ। ਇਹ ਆਪਣੀ ਪ੍ਰਫੁੱਲਤਾ ਲਈ ਹਰ ਤਰਾਂ ਦੀ ਗੁੰਡਾ ਗਰਦੀ ਕਰਦੇ ਹਨ

          ਸਰਕਾਰ ਵੱਲੋਂ ਇਹਨਾਂ ਗਰੋਹਾਂ ਨੂੰ ਪੂਰੀ ਸਰਪ੍ਰਸਤੀ ਪ੍ਰਦਾਨ ਕੀਤੀ ਹੋਈ ਹੈ। ਇਹਨਾਂ ਗਰੋਹਾਂ ਵਿਰੁੱਧ ਅਵਾਜ਼ ਉਠਾਉਣ ਵਾਲੇ ਲਈ ਮੌਤ ਜਾਂ ਜੇਲ੍ਹ ਯਕੀਨੀ ਹੈ। ਵਿਰੋਧੀ ਪਾਰਟੀਆਂ ਭੀ ਇਹਨਾਂ ਗਰੋਹਾਂ ਵਿਰੁੱਧ ਜਾਂ ਇਹਨਾਂ ਦੀ ਪਾਲਕ ਸਰਕਾਰ ਵਿਰੁੱਧ ਅਵਾਜ਼ ਉਠਾਉਣ ਤੋਂ ਭੈਭੀਤ ਹਨ। ਕੁਝ ਰਾਜਨੀਤਕ ਇਹਨਾਂ ਗਰੋਹਾਂ ਨਾਲ ਅਤੇ ਇਹਨਾਂ ਦੀ ਪਾਲਕ ਸਰਕਾਰ ਨਾਲ ਅੰਦਰੂਨੀ ਸਾਂਝ ਬਣਾ ਕੇ ਰੱਖਣ ਵਿਚ ਹੀ ਆਪਣੀ ਭਲਾਈ ਅਤੇ ਆਰਥਿਕ ਲਾਭ ਸਮਝਦੇ ਹਨ। ਅਜੇਹੇ ਲੀਡਰਾਂ ਅਤੇ ਉਹਨਾ ਦੀਆਂ ਪਾਰਟੀਆਂ ਦੀ ਅੰਦਰੂਨੀ ਜਾਂਚ ਕਰਨਾ ਹੀ ਅੱਜ ਵੋਟਰ ਦਾ ਪੰਜਾਬ ਦੀ ਉੱਨਤੀ ਅਤੇ ਸੁਧਾਰਾਂ ਪ੍ਰਤੀ ਮੁੱਖ ਫਰਜ ਹੈ।

ਪਰ ਇਕ ਗਲ ਤਾਂ ਸਾਫ਼ ਹੈ ਕਿ ਜੇ ਤੁਸੀਂ ਪੰਜਾਬ ਦਾ ਕੁਝ ਕਰਨਾ ਚਾਹੁੰਦੇ ਹੋ ਤਾਂ ਆਪਣਾ ਵੋਟ ਲੋਕਲ ਪਾਰਟੀ ਨੂੰ ਪਾਓ। ਭਾਵੇਂ ਕਿਸੇ ਨੂੰ ਭੀ ਪਾਓ। ਨੈਸ਼ਨਲ ਪਾਰਟੀਆਂ ਦੇ ਲੀਡਰ ਵੋਟ ਲੈਣ ਵੇਲੇ ਤਾਂ ਅਨੇਕਾਂ ਤਰਾਂ ਦੇ ਦਾਅਵੇ ਕਰਦੇ ਹਨ । ਪਰ ਉਹਨਾ ਦੀ ਪਾਰਟੀ ਨੈਸ਼ਨਲ ਪਾਰਟੀ ਹੋਣ ਕਰਕੇ, ਕਿਸੇ ਖ਼ਾਸ ਪ੍ਰਾਂਤ ਦਾ ਵਿਸ਼ੇਸ਼ ਧਿਆਨ ਰੱਖ ਕੇ, ਆਪਣੇ ਦੂਸਰੇ ਪ੍ਰਾਂਤਾਂ ਦੀ ਕੁਰਬਾਨੀ ਨਹੀਂ ਦੇ ਸਕਦੀ।

          ਮਿਸਾਲ ਵਜੋਂ ਕਾਂਗਰਸ ਨੇ ਤਕਰੀਬਨ 55 ਸਾਲ ਭਾਰਤ ਤੇ ਰਾਜ ਕੀਤਾ ਹੈ। ਪੰਜਾਬੀ ਬਹੁਤ ਲੰਮੇ ਸਮੇਂ ਲਈ ਡਿਫੈਂਸ ਮਨਿਸਟਰ, ਹੋਮ ਮਨਿਸਟਰ, ਪ੍ਰਧਾਨ ਮੰਤਰੀ ਅਤੇ ਰਾਸ਼ਟਰ ਪਤੀ ਰਹੇ। ਪਰ ਪੰਜਾਬ ਲਈ ਇਕ ਛੋਟੀ ਜਿਹੀ ਸਹੂਲਤ ਭੀ ਕੇਂਦਰ ਤੋਂ ਨਹੀਂ ਮੰਨਵਾ ਸਕੇ। ਉਹ ਇਹ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇਸ ਨੂੰ ਪਾਣੀ ਦੀ ਲੋੜ ਹੈ। ਧਰਤੀ ਵਿਚ ਬੇ ਅਥਾਹ ਪਾਣੀ ਮੌਜੂਦ ਹੈ। ਬੋਰਾਂ ਲਈ ਬਿਜਲੀ ਚਾਹੀਦੀ ਹੈ। ਇਸ ਨੂੰ ਇਕ ਦੋ ਐਟੋਮਿਕ ਪਲਾਂਟ ਮਿਲਣੇ ਚਾਹੀਦੇ ਹਨ। ਪਰ ਨਹੀਂ ਦਿੱਤੇ ਗਏ। ਜਦਕਿ ਕਈ ਸੂਬਿਆਂ ਵਿਚ ਦਰਜਨ ਭਰ ਪਲਾਂਟ ਲਗ ਚੁੱਕੇ ਹਨ ਅਤੇ ਲਗ ਰਹੇ ਹਨ।

          ਜਿਹੜੇ ਸਜਣ ਅੱਜ ਫੇਰ ਕਾਂਗਰਸ ਲਈ ਵੋਟ ਮੰਗ ਰਹੇ ਹਨ। ਇਹਨਾਂ ਨੂੰ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ ਕਿ ਅਸੀਂ 15 ਅਗਸਤ 1947 ਤੋਂ ਪੰਜਾਬ ਨੂੰ ਲਾਰੇ ਅਤੇ ਧੋਖਾ ਦਿੰਦੇ ਆ ਰਹੇ ਹਾਂ। ਭਾਵੇਂ ਕਿੰਨੀ ਭੀ ਵੱਡੀ ਪੁਜ਼ੀਸ਼ਨ ਮਿਲ ਜਾਏ, ਨੈਸ਼ਨਲ ਪਾਰਟੀ ਦਾ ਲੀਡਰ ਪੰਜਾਬ ਲਈ ਕੁਝ ਭੀ ਨਹੀਂ ਕਰ ਸਕਦਾ। ਬਾਦਲ ਪਰਵਾਰ ਭੀ ਕੇਂਦਰ ਵਿਚ ਰਿਹਾ ਹੈ। ਇਹ ਦੱਸਣ ਇਹਨਾਂ ਪੰਜਾਬ ਲਈ ਕੀ ਲਿਆਂਦਾ ਹੈ?

ਕਈ ਚਿੰਤਕ ਕਹਿੰਦੇ ਸੁਣੇ ਗਏ ਹਨ ਕਿ ਜਦ ਚੋਣਾਂ ਆਉਂਦੀਆਂ ਹਨ ਤਾਂ ਪਾਰਟੀਆਂ ਖੁੰਬਾਂ ਵਾਂਗ ਉੱਭਰ ਆਉਂਦੀਆਂ ਹਨ। ਇਹ ਉਦਾਹਰਨ ਜ਼ਿਆਦਾ ਠੀਕ ਨਹੀਂ ਬੈਠਦੀ। ਕਿਉਂਕਿ ਖੁੰਬ ਤਾਂ ਜੇ ਇਕ ਵਾਰ ਪੈਦਾ ਹੋ ਜਾਏ, ਤਾਂ ਕਿਸੇ ਨਾਂ ਕਿਸੇ ਕੰਮ ਆ ਹੀ ਜਾਂਦੀ ਹੈ॥ ਕਹਿਣਾ ਤਾਂ ਇਹ ਚਾਹੀਦਾ ਹੈ ਕਿ ਜਦ ਚੋਣਾਂ ਆਉਂਦੀਆਂ ਹਨ ਪਾਰਟੀਆਂ ਗਡੋਇਆਂ ਵਾਂਗ ਨਿਕਲ ਆਉਂਦੀਆਂ ਹਨ। ਜਿਨ੍ਹਾਂ ਵਾਰੇ ਇਹ ਭੀ ਪਤਾ ਨਹੀਂ ਲਗਦਾ ਕਿ ਕਿਵੇਂ ਪੈਦਾ ਹੋਈਆਂ ਸਨ ਅਤੇ ਕਿਵੇਂ ਖ਼ਤਮ ਹੋ ਜਾਂਦੀਆਂ ਹਨ। ਵੋਟਰ ਉਲਝਣ ਵਿਚ ਪੈ ਜਾਂਦਾ ਹੈ। ਕਿਸ ਨੂੰ ਚੁਣਿਆਂ ਜਾਵੇ।

ਨਵੀਆਂ ਪਾਰਟੀਆਂ ਬਣਨ ਦੇ ਮੁੱਖ ਤਿੰਨ ਮੁੱਖ ਕਾਰਨ ਹੁੰਦੇ ਹਨ।

ਪਹਿਲਾ: ਕਿਸੇ ਲੀਡਰ ਵੱਲੋਂ ਆਪਣੀ ਪਾਰਟੀ ਨਾਲ ਨਰਾਜ਼ਗੀ ਕਾਰਨ ਨਵੀਂ ਪਾਰਟੀ ਬਣਾਉਣਾ।

ਦੂਜਾ: ਕਿਸੇ ਕਰੱਪਟ ਪਾਰਟੀ ਵੱਲੋਂ, ਆਪਣਾ ਪੈਸਾ ਦੇ ਕੇ, ਵੋਟਰਾਂ ਨੂੰ ਧੋਖਾ ਦੇਣ ਲਈ, ਨਵੀਂ ਪਾਰਟੀ ਬਣਾਉਣਾ।

ਤੀਜਾ: ਹੁਕਮਰਾਨ ਪਾਰਟੀ ਵੱਲੋਂ ਕੀਤੀ ਜਾ ਰਹੀ ਲੁੱਟ ਖੋਹ ਤੋਂ, ਛੁਟਕਾਰਾ ਕਰਵਾਉਣ ਲਈ, ਨਵੀਂ ਪਾਰਟੀ ਬਣਾਉਣਾ।

ਹੁਣ ਇਹ ਫ਼ੈਸਲਾ ਕਰਨਾ ਮੁਸ਼ਕਿਲ ਹੈ ਕਿ ਕਿਹੜੀ ਪਾਰਟੀ ਪੰਜਾਬ ਦੀ ਅਸਲੀਅਤ ਵਿਚ ਹਿਤੂ ਸਾਬਤ ਹੋਵੇ ਗੀ। ਇਸ ਦਾ ਅੰਦਾਜ਼ਾ ਪਾਰਟੀ ਦੇ ਮੁਖੀ ਦਾ ਪਿਛੋਕੜ, ਉਸਦਾ ਮੈਨੀਫੈਸਟੋ, ਅਤੇ ਉਸਦਾ ਕਹਿਣੀ ਤੇ ਕਰਨੀ ਤੋਂ ਹੀ ਲਗਾਇਆ ਜਾ ਸਕਦਾ ਹੇ। ਪੰਜਾਬ ਵਿਚ ਗਿਆਨੀ ਜੈਲ ਸਿੰਘ ਨੇ ਭਾਵੇਂ ਪੰਜ ਸਾਲ ਰਾਜ ਕੀਤਾ ਪਰ ਉਹ ਇੰਮਰਜੈਂਸੀ ਦਾ ਸਮਾਂ ਸੀ। ਬਰਨਾਲਾ ਸਾਹਿਬ ਅਤੇ ਬੇਅੰਤ ਸਿੰਘ ਦੇ ਤਕਰੀਬਨ 5 ਸਾਲ ਪੰਜਾਬ ਵਿਚ ਵਿਦਰੋਹ ਦਾ ਮਾਹੌਲ ਸੀ। ਸਿਰਫ਼ ਬਾਦਲ ਸਾਹਿਬ ਨੂੰ ਹੀ ਪੂਰੀ ਅਜ਼ਾਦੀ ਨਾਲ ਰਾਜ ਕਰਨ ਦਾ ਮੌਕਾ ਮਿਲਿਆ। ਜਿਨ੍ਹਾਂ ਤਕਰੀਬਨ 18 ਸਾਲ ਪੰਜਾਬ ਉੱਤੇ ਰਾਜ ਕੀਤਾ ਹੈ। ਇਸ ਲਈ ਬਾਦਲ ਸਾਹਿਬ ਦੇ ਰਾਜ ਦੀ ਕਿਸੇ ਦੂਜੇ ਮੁੱਖ ਮੰਤਰੀ ਦੇ ਰਾਜ ਨਾਲ ਤੁਲਨਾ ਕਰਨੀ ਦਲੀਲ ਰਹਿਤ ਹੋਵੇ ਗੀ। ਦੂਜੇ ਅਰਥਾਂ ਵਿਚ ਪੰਜਾਬ ਵਿਚ ਜੋ ਅੱਜ ਹਾਲਾਤ ਹਨ ਇਹਨਾਂ ਲਈ ਬਾਦਲ ਸਾਹਿਬ ਹੀ ਜੁਮੇ ਵਾਰ ਹਨ।

ਕੁਝ ਵੀਰ ਅਕਸਰ ਕਹਿੰਦੇ ਸੁਣੇ ਜਾਂਦੇ ਹਨ ਕਿ ਭਲੀ ਕਿਸੇ ਨੇ ਭੀ ਨਹੀਂ ਕਰਨੀ। ਇਹ ਕਿਵੇਂ ਪਤਾ ਲੱਗੇ ਕਿ ਫਲਾਣਾ ਘਟ ਲੁੱਟੇ ਗਾ? ਵੀਰੋ! ਅਸਲ ਅਤੇ ਨਕਲ ਪਛਾਣਨ ਦਾ ਇਕ ਬੜਾ ਸੌਖਾ ਤਰੀਕਾ ਹੈ। ਹਰ ਚੋਣ ਸਮੇਂ ਕੋਈ ਸਥਾਨਕ ਮਸਲਾ ਭਾਰੂ ਹੁੰਦਾ ਹੈ ਜੋ ਚੋਣ ਇਸ਼ੂ ਬਣਦਾ ਹੈ। ਇਸ ਸਮੇਂ ਪੰਜਾਬ ਵਿਚ ਭ੍ਰਿਸ਼ਟਾਚਾਰ ਅਤੇ ਲੁਟੇਰਾ ਸ਼ਾਹੀ ਦਾ ਮਸਲਾ ਹੈ। ਹਰ ਪਾਰਟੀ ਸਾਹਮਣੇ ਦੋ ਵਿਚੋਂ ਇਕ ਮਿਸ਼ਨ ਦੀ ਚੋਣ ਕਰਨ ਦਾ ਮਸਲਾ ਹੈ। ਪਹਿਲਾ ਮਿਸ਼ਨ ਹੈ ਭ੍ਰਿਸ਼ਟਾਚਾਰ, ਲੁਟੇਰਾ ਸ਼ਾਹੀ ਤੋਂ ਪੰਜਾਬ ਦੀ ਸਦੀਵੀ ਸੁਤੰਤਰਤਾ। ਦੂਜਾ ਮਿਸ਼ਨ ਹੈ ਉਤਰ ਕਾਟੋ ਮੈਂ ਚੜਾਂ। ਤੂੰ ਲੁੱਟ ਲਿਆ, ਹੁਣ ਮੇਰੀ ਵਾਰੀ।

ਪਹਿਲੇ ਮਿਸ਼ਨ ਵਾਲੀ ਪਾਰਟੀ ਦੇ ਲੀਡਰ ਆਪਣੀ ਜਾਨ ਜੋਖ਼ਮ ਵਿਚ ਪਾਕੇ ਭ੍ਰਿਸ਼ਟਾਚਾਰ ਵਿਰੁੱਧ ਅਵਾਜ਼ ਉਠਾਉਂਦੇ ਹਨ। ਭ੍ਰਿਸ਼ਟਾਚਾਰ ਦੇ ਖ਼ਾਤਮੇ ਦਾ ਵਿਧਾਨ ਬਣਾਇਆ ਜਾਂਦਾ ਹੈ। ਭ੍ਰਿਸ਼ਟਾਚਾਰੀਆਂ ਨੂੰ ਲੋਕਾਂ ਸਾਹਮਣੇ ਲਿਆ ਕੇ ਉਹਨਾ ਦੇ ਜ਼ੁਲਮ ਅਤੇ ਕਾਲੇ ਕਾਰਨਾਮੇ ਉਜਾਗਰ ਕੀਤੇ ਜਾਂਦੇ ਹਨ। ਤਾਂਕਿ ਲੋਕਾਂ ਵਿਚ ਭ੍ਰਿਸ਼ਟਾਚਾਰ ਅਤੇ ਜ਼ੁਲਮ ਵਿਰੁੱਧ ਲੜਨ ਲਈ ਉਤਸ਼ਾਹ ਪੈਦਾ ਹੋਵੇ। ਇਹਨਾਂ ਦੇ ਕਣ ਕਣ ਵਿਚ ਭ੍ਰਿਸ਼ਟਾਚਾਰ, ਜ਼ੁਲਮ, ਲੁੱਟ ਖੋਹ ਲਈ ਨਫ਼ਰਤ ਜਾਹਰ ਹੁੰਦੀ ਹੈ। ਇਹਨਾਂ ਦੀ ਕਰਨੀ ਤੇ ਕਹਿਣੀ ਵਿਚ ਕੋਈ ਫ਼ਰਕ ਨਹੀਂ ਹੁੰਦਾ। ਇਹਨਾਂ ਦਾ ਪਿਛੋਕੜ ਅਤੇ ਇਤਿਹਾਸ ਇਸ ਦੀ ਪੁਸ਼ਟੀ ਕਰਦਾ ਹੈ।

ਦੂਸਰੇ ਮਿਸ਼ਨ ਵਾਲੇ ਲੀਡਰਾਂ ਕੋਲ ਕੋਈ ਭੀ ਪ੍ਰੋਗਰਾਮ ਹੀ ਨਹੀਂ ਹੁੰਦਾ। ਉਹਨਾ ਕੋਲ ਨਾਂ ਹੀ ਕੋਈ ਇਤਿਹਾਸ ਜਾਂ ਪਿਛੋਕੜ ਹੁੰਦਾ ਹੈ। ਉਹਨਾ ਦੀ ਭ੍ਰਿਸ਼ਟਾਚਾਰ ਨਾਲ ਅੰਦਰੂਨੀ ਹਮਦਰਦੀ ਸਾਫ਼ ਜਾਹਰ ਹੁੰਦੀ ਹੈ। ਉਹ ਕਦੇ ਭੀ ਭ੍ਰਿਸ਼ਟਾਚਾਰ, ਜ਼ੁਲਮ, ਆਦਿ ਵਿਰੁੱਧ ਖੁੱਲ ਕੇ ਨਹੀਂ ਬੋਲਦੇ। ਉਹਨਾ ਕੋਲ ਕੋਈ ਇਨਕਲਾਬੀ ਪ੍ਰੋਗਰਾਮ ਨਹੀਂ ਹੁੰਦਾ। ਉਹਨਾ ਦੀ ਭਲਾਈ ਮੌਜੂਦਾ ਢਾਂਚਾ ਕਾਇਮ ਰਹਿਣ ਵਿਚ ਹੀ ਹੈ। ਉਹਨਾ ਕੋਲ ਵਾਰ ਵਾਰ ਕਹਿਣ ਲਈ ਇੱਕੋ ਹੀ ਸ਼ਬਦ ਹੁੰਦਾ ਹੈ ਕਿ 2017 ਵਿਚ ਸਾਡੀ ਪਾਰਟੀ ਦੀ ਸਰਕਾਰ ਬਣੇ ਗੀ। 2017 ਵਿਚ ਮੇਰੀ ਸਰਕਾਰ ਬਣੇ ਗੀ।  ਉਹ ਇਹ ਨਹੀਂ ਦਸ ਸਕਦੇ ਕਿ ਜੇ ਉਹਨਾ ਦੀ ਪਾਰਟੀ ਦੀ ਸਰਕਾਰ ਬਣੇ ਗੀ ਤਾਂ ਕੀ ਕਰੇ ਗੀ। ਜਵਾਬ ਤੁਸੀਂ ਆਪ ਹੀ ਸਮਝ ਲਓ। ਜਵਾਬ ਸਾਫ਼ ਹੈ ਕਿ ਜਿਵੇਂ ਪਹਿਲੇ ਨੇ ਲੁੱਟਿਆ ਹੈ, ਉਂਜ ਹੀ ਅਸੀਂ ਕਰਾਂ ਗੇ।

ਵੀਰੋ ਕਿਸੇ ਭੀ ਵਹਿਣ ਵਿਚ ਬਹਿਕੇ ਪਾਰਟੀ ਨਾ ਬਣੋ। ਜੱਜ ਬਣੋ। ਸਭ ਦੀ ਸੁਣੋ। ਸਭਨਾਂ ਦੀ ਕਹਿਣੀ ਤੇ ਕਰਨੀ ਪਰਖੋ। ਉਹਨਾ ਦੀ ਪਾਰਟੀ ਦਾ ਪ੍ਰੋਗਰਾਮ ਪੁੱਛੋ। ਉਹਨਾ ਦਾ ਚੋਣ ਮੈਨੀਫੈਸਟੋ ਦੇਖੋ। ਅਸਲੀਅਤ ਆਪਣੇ ਆਪ ਤੁਹਾਡੇ ਸਾਹਮਣੇ ਆ ਜਾਏ ਗੀ। ਕਿ ਕਿਸ ਦਾ ਕੀ ਮਿਸ਼ਨ ਹੈ।

ਤੁਸੀਂ ਇਕ ਮੋੜ ਤੇ ਖੜੇ ਹੋ। ਤੁਸੀਂ ਫ਼ੈਸਲਾ ਕਰਨਾ ਹੈ ਕਿ ਤੁਸੀਂ ਖੂਹ ਵਿਚੋਂ ਨਿਕਲ ਕੇ ਖਾਤੇ ਵਿਚ ਡਿਗਣਾ ਹੈ, ਕਿ ਪੰਜਾਬ ਨੂੰ ਲੁਟੇਰਾ ਸ਼ਾਹੀ ਤੋਂ ਮੁਕਤ ਕਰਾਉਣਾ ਹੈ? ਬਾਦਲ ਸ਼ਾਹੀ ਮਾਫ਼ੀਆ, ਲੁੱਟ ਖੋਹ, ਭ੍ਰਿਸ਼ਟਾਚਾਰ, ਦਾ ਖੂਹ ਹੈ। ਇਸ ਵਾਰ ਇਸ ਦਾ  ਸਫ਼ਾਇਆ ਯਕੀਨੀ ਹੈ। ਸਵਾਲ ਹੈ ਕਿ ਬਾਦਲ ਸ਼ਾਹੀ ਦੀ ਹਾਰ ਤੋਂ ਬਾਦ ਕੀ ਕਰਨਾ ਹੈ। ਮੇਰੇ ਦਿਹਾਤੀ ਅਣਭੋਲ ਵੀਰ ਫਿਰ 2014 ਵਾਂਗ ਆਮ ਆਦਮੀ ਪਾਰਟੀ ਵਾਰੇ ਸੋਚ ਰਹੇ ਹਨ। ਉਹਨਾ ਨੂੰ ਕੇਜਰੀਵਾਲ ਜੀ ਦੀ ਅਸਲੀਅਤ ਵਾਰੇ ਅਜੇ ਪਤਾ ਨਹੀਂ ਲੱਗਾ। ਕੇਜਰੀਵਾਲ ਨੂੰ ਵੋਟ ਦੇਣੀ ਮੁੜ ਦਿਲੀ ਦੀ ਗ਼ੁਲਾਮੀ ਹੋਵੇ ਗੀ। ਇਹ ਮੁੜ ਖਾਤੇ ਵਿਚ ਡਿੱਗਣ ਵਾਲੀ ਗੱਲ ਹੈ। ਜੇ ਤੁਸੀਂ ਸੱਚਮੁੱਚ ਹੀ ਪੰਜਾਬ ਨੂੰ ਮਾਫ਼ੀਆ ਗਰੁੱਪਾਂ ਤੋਂ ਅਜ਼ਾਦ ਕਰਵਾਉਣਾ ਚਾਹੁੰਦੇ ਹੋ, ਤਾਂ ਤੁਹਾਡੀ ਆਪਣੀ ਪੰਜਾਬ ਦੀ ਲੀਡਰਸ਼ਿਪ ਪੈਦਾ ਕਰਨੀ ਪਏ ਗੀ। ਪੰਜਾਬ ਦਾ ਅਪਣਾ ਲੀਡਰ ਪੈਦਾ ਕਰੋ ਜਿਸ ਵਿਚ ਭ੍ਰਿਸ਼ਟਾਚਾਰ ਖ਼ਤਮ ਕਰਨ ਦੀ ਯੋਗਤਾ ਹੋਵੇ।