B20
ਹਰਬੰਸ ਸਿੰਘ ਜਲਾਲ ਨੂੰ ਮਲੂਕਾ ਸਾਹਿਬ ਵੱਲੋਂ ਮਰਵਾਉਣ ਲਈ ਸਾਜ਼ਿਸ਼,
ਸਰਕਾਰ ਤੋਂ ਸਕਿਉਰਿਟੀ ਦੇਣ ਦੀ ਮੰਗ।
ਇਹ ਪੱਤਰ ਵੈੱਬਸਾਈਟ ਉੱਪਰ ਰੱਖਣ ਵਾਰੇ ਮੈਨੂੰ ਬਹੁਤ ਸੋਚਣਾ ਪਿਆ ਹੈ। ਰਾਏ ਮਸ਼ਵਰੇ ਤੋਂ ਬਾਦ ਇਹ ਮਹਿਸੂਸ ਕੀਤਾ ਗਿਆ ਕਿ ਇਸ ਨੂੰ ਸਭ ਦੇ ਸਾਹਮਣੇ ਲਿਆਉਣਾ ਸਮੇਂ ਦੀ ਜ਼ਰੂਰੀ ਲੋੜ ਹੈ। ਇਹ ਇਸ ਲਈ ਜ਼ਰੂਰੀ ਹੈ ਕਿ ਮੈਂ ਸਿਆਸੀ ਪਾਰਟੀ ਬਣਾਈ ਹੈ। ਮੈਂ ਭਾਵੇਂ ਜ਼ਿੰਦਗੀ ਭਰ ਕਿਸੇ ਤੋਂ ਕਿਸੇ ਸਮੇਂ ਭੀ, ਇਕ ਰਵੱਈਆ ਮੰਗਣ ਜਾਂ ਲੈਣ ਦਾ ਰਵਾਦਾਰ ਨਹੀਂ ਹਾਂ। ਫਿਰ ਭੀ ਮੇਰੇ ਵਿਰੋਧੀ ਮੈਨੂੰ ਕਰਿਮੀਨਲ ਕਹਿਣ ਗੇ, ਕਿਉਂ ਕੇ ਮੇਰੇ ਉੱਪਰ ਮਲੂਕਾ ਸਾਹਿਬ ਨੇ ਹੁਣ ਇਕ ਕੇਸ ਧੋਖਾ ਦੇਹੀ ਦਾ ਦਰਜ ਕਰਵਾਇਆ ਹੈ। ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਧੋਖਾ ਕਿਸ ਨੇ ਕੀਤਾ ਹੈ। ਮੇਰੀ ਪੰਜ ਕ੍ਰੋੜ ਦੀ ਜਾਇਦਾਦ ਕਿਸ ਨੇ ਅਤੇ ਕਿਵੇਂ ਲੁੱਟੀ ਹੈ।
2011 ਦੇ ਪਿਛਲੇ ਅੱਧ ਮੈਨੂੰ ਕੁਝ ਦੋਸਤਾਂ ਨੇ ਦਲੀਲਾਂ ਦੇ ਕੇ ਦੱਸਿਆ ਕਿ ਹਲਕੇ ਦੇ ਮਹਾਜਨ ਅਤੇ ਪ੍ਰੇਮੀ ਕੁਝ ਖ਼ਾਸ ਕਾਰਨਾਂ ਕਰਕੇ ਮਲੂਕੇ ਅਤੇ ਕਾਂਗੜ ਦੋਨਾਂ ਤੋਂ ਬਦਜਨ ਜਾਪਦੇ ਹਨ। ਹੁਣ ਦੀ ਰਾਜਨੀਤੀ ਗੁੰਡਾਗਰਦੀ ਅਤੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਹੈ। ਤੁਹਾਡੇ ਸਮੇਂ ਹਲੀਮੀ ਅਤੇ ਇਮਾਨਦਾਰੀ ਦੀ ਰਾਜਨੀਤੀ ਸੀ। ਲੋਕ ਤੁਹਾਨੂੰ ਯਾਦ ਕਰਦੇ ਹਨ। ਅਜੇਹੀਆਂ ਹੀ ਪ੍ਰੇਰਨਾ ਕਰਕੇ ਮੈਂ ਮਨ ਬਣਾ ਲਿਆ ਕਿ ਮੈਂ ਪਹਿਲਾਂ ਵਾਂਗ ਹੁਣ ਭੀ ਅਜ਼ਾਦ ਲੜਾਂਗਾ ਅਤੇ ਪੀਪੀਪੀ ਤੋ ਮਦਤ ਲਵਾਂਗਾ। ਜਦ ਮਲੂਕਾ ਸਾਹਿਬ ਨੂੰ ਇਸ ਵਾਰੇ ਪਤਾ ਲਗਾ ਤਾਂ ਉਹਨਾਂ ਇਕ
ਬਿਲਕੁਲ ਝੂਠਾ ਤੇ ਬੇਬੁਨਿਆਦ ਧੋਖਾਦੇਹੀ ਦਾ ਕੇਸ ਮੇਰੇ ਉੱਪਰ ਬਣਾ ਕੇ ਮੈਨੂੰ ਜੇਲ੍ਹ ਭਿਜਵਾਉਣ ਦੀ ਕਾਰਵਾਈ ਕਰ ਦਿੱਤੀ ਅਤੇ ਮੇਰੀ ਪੰਜ ਕ੍ਰੋੜ ਰੁਪਏ ਦੀ ਜਾਇਦਾਦ ਭੀ ਲੁੱਟ ਲਈ। ਇਲੈੱਕਸ਼ਨ ਤਾਂ ਮੈਂ ਇਸ ਕਰਕੇ ਨਹੀਂ ਲੜੀ ਕਿ ਮਨਪ੍ਰੀਤ ਨੇ ਮੇਰੀ ਅਜ਼ਾਦ ਉਮੀਦਵਾਰ ਵਜੋਂ ਹਮਾਇਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪਰ ਮੈਂ ਫ਼ੈਸਲਾ ਕੀਤਾ ਕਿ ਮੈਂ ਮਲੂਕੇ ਦੇ ਜ਼ੁਲਮ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਹਰ ਸੰਭਵ ਸੰਘਰਸ਼ ਕਰਾਂ ਗਾ।
ਹੁਣ ਮੈਂ ਆਪਣੀ ਵੱਖਰੀ ਪਾਰਟੀ “ਪੀਏਸੀਪੀ” ਬਣਾ ਲਈ ਹੈ। ਕੁਦਰਤੀ ਹੈ ਕਿ ਮੇਰੇ ਵਿਰੋਧੀ ਮੇਰੇ ਖ਼ਿਲਾਫ਼ ਦੋਸ਼ ਲਾਉਣ ਗੇ ਕਿ ਇਹ ਤਾਂ ਕਰਿਮੀਨਲ ਆਦਮੀ ਹੈ। ਇਸ ਦੇ ਖ਼ਿਲਾਫ਼ ਤਾਂ ਧੋਖਾ ਦੇਹੀ ਦਾ ਕੇਸ ਦਰਜ ਹੈ। ਇਸ ਲਈ ਆਪਣੇ ਸਪੋਰਟਰਾਂ ਨੂੰ ਇਹ ਦੱਸਣਾ ਜ਼ਰੂਰੀ ਹੋ ਗਿਆ ਹੈ ਕਿ ਅਸਲੀਅਤ ਕੀ ਹੈ। ਧੋਖਾ ਮੈਂ ਕੀਤਾ ਹੈ ਜਾਂ ਮੇਰੇ ਨਾਲ ਮਲੂਕਾ ਗ੍ਰੋਹ ਨੇ ਕੀਤਾ ਹੈ। ਮੈਂ ਉਹਨਾਂ ਤੋਂ ਕੋਈ ਪੈਸਾ ਠਗਿਆ ਹੈ ਜਾਂ ਮਲੂਕਾ ਗ੍ਰੋਹ ਨੇ ਹੁਣ ਫੇਰ ਮੇਰੀ ਪੰਜ ਕ੍ਰੋੜ ਦੀ ਜਾਇਦਾਦ ਜਬਰੀ ਖੋਹ ਲਈ ਹੈ।
ਪਿੰਡ ਜਲਾਲ ਜੋ ਦਿਆਲਪੁਰਾ ਥਾਣੇ ਵਿਚ ਹੈ, ਦੀ ਜ਼ਮੀਨ ਸਬੰਧੀ ਕੇਸ ਫੂਲ ਥਾਣੇ ਬਣਾਇਆ ਗਿਆ ਹੈ। ਇਸ ਵਿਚ ਦਰਜਨਾਂ ਕਮੀਆਂ ਹਨ। ਕੇਸ ਮੇਕਰ ਆਊਟ ਨਹੀਂ ਹੁੰਦਾ। ਡੀ ਜੀ ਪੀ ਸਾਹਿਬ ਨੇ ਪਹਿਲੀ ਇਨਵੈਸ਼ਟੀਗੇਸ਼ਨ ਗ਼ਲਤ ਸਮਝ ਕੇ ਰੀ ਇਨਕੁਆਰੀ ਐਸ ਪੀ ਡੀ ਬਠਿੰਡਾ ਨੂੰ ਮਾਰਕ ਕੀਤੀ ਸੀ। ਜਿਸ ਦੀ ਰਿਪੋਰਟ ਉਹਨਾਂ ਅਜੇ ਤਕ ਕੋਰਟ ਵਿਚ ਸਬਮਿਟ ਨਹੀਂ ਕੀਤੀ। ਮੈਂ ਡਿਸ਼ ਮਿਸਲ ਪਟੀਸ਼ਨ ਦਰਜ ਕੀਤੀ ਹੋਈ ਹੈ। ਜੋ ਵਿਚਾਰ ਅਧੀਨ ਹੈ। ਕੋਰਟ ਵਿਚ ਚਾਰਜ ਫਰੇਮ ਨਹੀਂ ਹੋਏ। ਇਸ ਲਈ ਕੇਸ ਸਬ ਜੁਡੀਸ਼ਲ ਨਹੀਂ ਹੈ।
ਫਿਰ ਭੀ ਮੈਂ ਆਪਣੀ ਵੱਲੋਂ ਕੁਝ ਨਹੀਂ ਕਹਿ ਰਿਹਾ। ਜੋ ਲੈਟਰ ਇਸ ਸਬੰਧੀ ਤਿੰਨ ਸਾਲ ਪਹਿਲੇ ਸੁਖਬੀਰ ਜੀ ਨੂੰ ਲਿਖਿਆ ਸੀ ਉਸ ਦੀ ਇਕ ਕਾਪੀ ਐਸ ਪੀ ਡੀ ਬਠਿੰਡਾ ਸਾਹਿਬ ਨੂੰ ਭੀ, ਦੂਸਰੇ 135 ਦਸਤਾਵੇਜ਼ਾਂ ਨਾਲ ਸਬਮਿਟ ਕੀਤੀ ਸੀ। ਉਸ ਦੀ ਸੰਖੇਪ ਨਕਲ ਸੁਖਬੀਰ ਬਾਦਲ ਦੇ ਧਿਆਨਯੋਗ ਲੇਖ ਵਿਚ ਪੇਸ਼ ਕਰ ਰਿਹਾ ਹਾਂ। ਕੇਸ ਨਾਲ ਸਬੰਧਿਤ ਆਦਮੀਆਂ ਦੇ ਨਾਂ ਕੱਟ ਦਿੱਤੇ ਗਏ ਹਨ। ਬੇਨਤੀ ਕਰਦਾ ਹਾਂ ਕਿ ਸਭ ਵੋਟਰ ਧਿਆਨ ਨਾਲ ਪੜ੍ਹਨ ਅਤੇ ਅਸਲੀਅਤ ਸਮਝ ਕੇ ਆਪਣਾ ਫ਼ੈਸਲਾ ਦੇਣ।
************************************
ਇਹ ਹੈ ਬਾਦਲ ਸਾਹਿਬ ਨੂੰ ਲਿਖੀ ਦਰਖਾਸਤ ਦੀ ਨਕਲ
ਮਾਨਯੋਗ ਸੁਖਬੀਰ ਸਿੰਘ ਬਾਦਲ ਸਾਹਿਬ ਜੀ.
ਮੈਂ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ, ਕੁਝ ਜ਼ਰੂਰੀ ਮਸਲੇ ਤੁਹਾਡੇ ਧਿਆਨ ਵਿਚ ਲਿਆਉਣਾ ਜ਼ਰੂਰੀ ਸਮਝਦਾ ਹਾਂ। ਜੋ ਮੇਰੀ ਉਕਤ ਬੇਨਤੀ ਦੀ ਜਸ਼ਟੀ-ਫੀਕੇਸ਼ਨ ਨੂੰ ਜਾਂਚਣ ਲਈ ਜ਼ਰੂਰੀ ਹਨ। ਮੈਂ ਅਕਾਲੀ ਦਲ ਕਾਰਨ ਹੀ ਪੰਜਾਬ ਵਿਧਾਨ ਸਭਾ ਦਾ ਮੈਂਬਰ, ਭਾਰਤੀ ਖੇਤੀ ਕੀਮਤ ਕਮਿਸ਼ਨ ਦਾ ਮੈਂਬਰ, ਭਾਰਤੀ ਖੇਤੀ ਅਨੁਸੰਧਾਨ ਸੰਸਥਾ ਪੂਸਾ ਨਿਉਂ ਦੇਹਲੀ ਦਾ ਡਾਇਰੈਕਟਰ ਆਦਿ ਕਈ ਅਹੁਦਿਆਂ ਉੱਪਰ ਰਹਿ ਚੁਕਾ ਹਾਂ, ਇਸ ਲਈ ਕੁਝ ਮਸਲੇ ਤੁਹਾਡੇ ਧਿਆਨ ਵਿਚ ਲਿਆਉਣੇ ਆਪਣਾ ਅਧਿਕਾਰ ਸਮਝਦਾ ਹਾਂ। ਪਰ ਵਾਰ ਵਾਰ ਬੇਨਤੀਆਂ ਕਰਨ ਅਤੇ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ ਇਸ ਲਈ ਜਨਤਾ ਦਾ ਸੇਵਾਦਾਰ ਹੋਣ ਕਰਕੇ ਆਪਣੀ ਦਾਸਤਾਨ ਲੋਕਾਂ ਦੀ ਕਚਹਿਰੀ ਵਿਚ ਰੱਖਣ ਦੀ ਇਜਾਜ਼ਤ ਚਾਹੁੰਦਾ ਹਾਂ।
ਮੈਂ ਦੱਸਣਾ ਚਾਹੁੰਦਾ ਹਾਂ ਕਿ:-
1. ਮਲੂਕਾ ਸਾਹਿਬ (ਜੋ ਪਹਿਲੇ ਸੀ ਪੀ ਆਈ ਦੇ ਐਕਟਿਵ ਵਰਕਰ ਸਨ) ਨੇ ਮੇਰੇ ਨਜ਼ਦੀਕ ਹੋਕੇ ਮੈਨੂੰ ਬਾਦਲ ਸਾਹਿਬ ਤੋਂ ਦੂਰ ਕਰਨ ਲਈ ਕੀ ਕੀ ਹੱਥਕੰਡੇ ਵਰਤੇ, ਤਾਂਕਿ ਉਹ ਆਪ ਬਾਦਲ ਸਾਹਿਬ ਦੇ ਨਜ਼ਦੀਕ ਹੋ ਸਕਣ।
2. ਬਾਦਲ ਸਾਹਿਬ ਦੀ ਨਜ਼ਦੀਕੀ ਉਪਰੰਤ ਕਿਵੇਂ ਮਲੂਕਾ ਸਾਹਿਬ ਨੇ ਬਠਿੰਡਾ ਵਿਖੇ ਸਥਿਤ ਮੇਰੀ ਕੰਪਨੀ ਤੇ 200 ਕ੍ਰੋੜ ਦੀ ਜਾਇਦਾਦ ਫਰਾਡ, ਫੋਰਜਰੀ, ਇਮਪ੍ਰਸੋਨੇਸ਼ਨ ਰਾਹੀਂ, ਦੋ ਬਦਨਾਮ ਗਰੋਹਾਂ ਨਾਲ ਸਾਜ਼ਿਸ਼ ਅਧੀਨ ਹੜੱਪ ਕਰ ਲਈ।
3. ਹੁਣ ਮਲੂਕਾ ਸਾਹਿਬ ਨੇ ਕਿਵੇਂ ਮੇਰੀ ਪਿੰਡ ਜਲਾਲ ਵਿਚ, 5 ਕ੍ਰੋੜ ਰੁਪਏ ਦੀ ਦਸ ਏਕੜ ਜ਼ਮੀਨ, ਉਮਾਂ ਸ਼ੰਕਰ ਕਥਿਤ ਕਲੈਕਟਰ ਅਗਰੇਰੀਅਨ ਤੋਂ 20/7/2009 ਨੂੰ ਬਿੱਲਾ ਅਧਿਕਾਰ (ਵਿਦ-ਆਊਟ ਜੁਰਿਸ-ਡਿਕਸ਼ਨ) ਆਰਡਰ ਕਰਵਾ ਕੇ ਆਪਣੀ ਸਰਪ੍ਰਸਤੀ ਵਾਲੇ ਲੈਂਡ ਮਾਫ਼ੀਏ ਦੇ ਮੁਖੀ ਦੇ ਨਾਮ ਅਲਾਟਮੈਂਟ ਕਰਵਾ ਲਈ, ਜਦਕਿ ਤੁਹਾਡੀ ਸਰਕਾਰ ਨੇ 20/2/2008 ਨੂੰ ਐਸ ਡੀ ਐਮ ਤੋਂ ਕਲੈਕਟਰ ਅਗਰੇਰੀਅਨ ਦੇ ਅਧਿਕਾਰ ਵਾਪਸ ਲੈ ਕੇ, ਡੀ ਸੀ ਸਹਿਬਨ ਨੂੰ ਦੇ ਦਿੱਤੇ ਸਨ, ਅਤੇ ਅਵੱਗਿਆ ਕਰਨ ਵਾਲੇ ਅਫ਼ਸਰ ਵਿਰੁੱਧ ਸ਼ਖਤ ਕਾਰਵਾਈ ਦਾ ਹੁਕਮ ਕੀਤਾ ਸੀ।
4. ਮੇਰੀ ਕੰਪਨੀ ਦੇ ਦਫ਼ਤਰ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ, ਭਗਵਤ ਗੀਤਾ ਅਤੇ ਹਜ਼ਾਰਾਂ ਹੋਰ ਧਾਰਮਿਕ ਸਕਰਿਪਚਰਜ ਦੀ ਡਕਾਇਤੀ, ਅਗਨ ਭੇਂਟ ਕਰਨ ਦੀ ਘਟਨਾ, ਅਤੇ ਥਾਣੇ ਰਿਪੋਰਟ ਕਰਨ ਉੱਪਰ ਮੇਰੇ ਉੱਪਰ ਉਲਟਾ ਧਾਰਮਿਕ ਭਾਵਨਾਵਾਂ ਭੜ ਕਾਉਣ ਦਾ ਕੇਸ ਬਣਾਉਣ ਵਿਚ ਮਲੂਕਾ ਸਾਹਿਬ ਦਾ ਰੋਲ।
5. ਦਰਬਾਰ ਸਾਹਿਬ ਦੇ ਤੋਸ਼ੇਖ਼ਾਨੇ ਵਿਚੋਂ, ਖ਼ਜ਼ਾਨੇ ਦੀ ਲੁੱਟ ਦਾ ਤੀਸਰਾ ਹਿੱਸਾ ਮਲੂਕਾ ਸਾਹਿਬ ਕੋਲ ਪੁੱਜਣ ਦੀ ਚਰਚਾ ਜਾਂ ਅਸਲੀਅਤ, ਦੀ ਪੜਤਾਲ ਕਰਨ ਦੀ ਲੋੜ।
6. ਮਲੂਕਾ ਸਾਹਿਬ ਵਿਰੁੱਧ (ਸਇਦ) ਗਿੱਦੜ ਬਹਾ ਨਹਿਰ ਸਕੈਂਡਲ ਦੀ ਵਿਜੀਲੈਂਸ ਵੱਲੋਂ ਪੜਤਾਲ ਸਮੇਂ, ਮਲੂਕਾ ਸਾਹਿਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਧੀਨਗੀ, ਸਾਂਝ, ਅਤੇ ਸਹੂੰ ਸੁਗੰਧ ਨੂੰ ਅਕਾਲੀ ਵਫ਼ਾਦਾਰੀ ਦੇ ਨੁਕਤਾ ਨਿਗਾਹ ਤੋਂ ਪਰਖਣ ਦੀ ਲੋੜ।
ਉਪਰੋਕਤ ਮਸਲਿਆਂ ਦੇ ਸਬੰਧ ਵਿਚ ਬੇਨਤੀ ਹੈ ਕਿ ਭਾਵੇਂ ਅਸਲੀਅਤ ਨੂੰ ਲਕੋਣ ਦੀ ਖ਼ਾਤਰ, ਮਲੂਕਾ ਸਾਹਿਬ ਮੇਰੇ ਖ਼ਿਲਾਫ਼ ਝੂਠਾ ਕੇਸ ਬਣਾਉਣ ਵਿਚ ਸਫਲ ਰਹੇ। ਪ੍ਰੰਤੂ ਉਹ ਜੁਡੀਸ਼ਰੀ ਨੂੰ ਧੋਖਾ ਦੇਣ ਵਿਚ ਸਫਲ ਨਹੀਂ ਹੋਏ। ਜੁਡੀਸ਼ਰੀ ਨੇ ਨਾਂ ਸਿਰਫ਼ ਮੈਨੂੰ ਬਾਇੱਜ਼ਤ ਬਰੀ ਕੀਤਾ, ਬਲਕਿ ਜ਼ਿਲ੍ਹੇ ਦੇ ਮੁੱਖ ਅਕਾਲੀ ਲੀਡਰ ਨੂੰ ਇਸ ਸਭ ਕੁਝ ਦਾ ਜੁਮੇਂਵਾਰ ਠਹਿਰਾਇਆ।
ਜੋ ਵਫ਼ਾਦਾਰੀ ਅੱਜ ਮਲੂਕਾ ਸਾਹਿਬ ਤੁਹਾਡੇ ਲਈ ਦਿਖਾ ਰਹੇ ਹਨ। ਕਦੇ ਇਹ ਵਫ਼ਾਦਾਰੀ ਮਾਸਟਰ ਬਾਬੂ ਸਿੰਘ ਨੂੰ, ਮੈਨੂੰ ਅਤੇ ਕੈਪਟਨ ਸਾਹਿਬ ਨੂੰ ਭੀ ਅਰਪਣ ਕੀਤੀ ਗਈ ਸੀ। ਬਹੁਤ ਉਧਾਰਣਾਂ ਹਨ ਜੋ ਮਲੂਕੇ ਦੀ ਤੁਹਾਡੇ ਲਈ ਵਫ਼ਾਦਾਰੀ ਨੂੰ ਸਕੀ ਸਾਬਤ ਕਰਦੀਆਂ ਹਨ। ਤੁਹਾਡੇ ਨਾਲ ਮਲੂਕਾ ਸਾਹਿਬ ਦੀ ਵਫ਼ਾਦਾਰੀ ਪੰਥ ਲਈ ਨਹੀਂ, ਪੈਸੇ ਤੇ ਸ਼ਕਤੀ ਲਈ ਹੈ।
ਤੁਸੀਂ ਸਇਦ ਮਲੂਕਾ ਸਾਹਿਬ ਨੂੰ ਪਾਪੂਲਰ ਸਮਝ ਕੇ ਅਥਾਹ ਸ਼ਕਤੀ ਦਿੱਤੀ ਹੋਈ ਹੈ। ਪਰ ਇਹ ਆਪਣੀਆਂ ਧੱਕੇਸ਼ਾਹੀਆਂ ਕਰਕੇ ਬਹੁਤ ਲੋਕਾਂ ਦੀ ਨਫ਼ਰਤ ਦਾ ਪਾਤਰ ਹੈ। ਕਾਂਗੜ ਵਰਗੇ ਹੰਕਾਰੀ ਤੇ ਵਡਿਆਈ ਖੋਰੇ ਆਦਮੀ ਤੋਂ ਵੱਡੀ ਹਾਰ ਇਸ ਦਾ ਸਬੂਤ ਹੈ। ਹੁਣ ਦੀ ਜਿੱਤ ਭੀ ਮਲੂਕੇ ਦੀ ਜਿੱਤ ਨਹੀਂ, ਬਲਕਿ ਮਲੂਕੇ ਵੱਲੋਂ ਕ੍ਰੌੜਾਂ ਰੁਪਏ ਦਾ ਖ਼ਰਚ, ਧੱਕੇਸ਼ਾਹੀ ਤੋਂ ਇਲਾਵਾ, ਕਾਂਗੜ ਦਾ ਜ਼ਿਆਦਾ ਮੋਤੀ ਮਹੱਲ ਰਹਿਣਾ, ਮੰਡੀ ਅਤੇ ਡੇਰਾ-ਸਲਾਬਤਪੁਰਾ ਤੋਂ ਮੁਕੰਮਲ ਗੈਰ ਹਾਜ਼ਰੀ, ਕਾਂਗੜ ਦੀ ਹਾਰ ਦਾ ਕਾਰਨ ਬਣੀ ਹੈ।
ਮੈਂ ਇਸ ਦਾ ਜ਼ਿਕਰ ਇਸ ਲਈ ਕੀਤਾ ਹੈ ਕਿ ਬਹੁਤ ਵੋਟਰਾਂ ਨੇ ਮਲੂਕੇ ਅਤੇ ਕਾਂਗੜ ਤੋਂ ਦੂਰੀ ਬਣਾਈ ਰੱਖਣ ਕਾਰਨ ਹੀ ਮੈਨੂੰ ਪਹਿਲਾਂ ਵਾਂਗ ਅਜ਼ਾਦ ਚੋਣ ਲੜਨ ਦੀ ਪ੍ਰੇਰਨਾ ਦਿੱਤੀ ਸੀ। ਪਰ ਮਲੂਕਾ ਸਾਹਿਬ ਨੇ ਮੇਰੇ ਉੱਪਰ ਕੇਸ ਬਣਵਾ ਕੇ ਮੈਨੂੰ ਗਿਰਫਤਾਰ ਕਰਵਾਉਣ ਦੀ ਗੈਰ ਇਖ਼ਲਾਕੀ ਅਤੇ ਗੈਰ ਸੰਵਿਧਾਨਕ ਰਵਾਇਤ ਕਾਇਮ ਕਰ ਦਿੱਤੀ ਹੈ।
ਮੈਂ ਇਸ ਸਬੰਧੀ ਦੋ ਦਰਖਾਸਤਾਂ ਬਾਦਲ ਸਾਹਿਬ ਨੂੰ ਦਿੱਤੀਆਂ ਸਨ, ਜਿਸ ਸਮੇਂ ਬਰਾੜ ਸਾਹਿਬ ਅਤੇ ਡੀ ਜੀ ਪੀ ਸਾਹਿਬ ਭੀ ਮੌਜੂਦ ਸਨ। ਇਕ ਝੂਠੇ ਕੇਸ ਦੀ ਦੁਬਾਰਾ ਪੜਤਾਲ ਕਰਨ ਸਬੰਧੀ ਸੀ ਅਤੇ ਦੂਜੀ ਇਸ 5 ਕ੍ਰੋੜ ਰੁਪਏ ਦੀ ਜਾਇਦਾਦ ਲੁੱਟਣ ਸਬੰਧੀ ਸਾਜ਼ਿਸ਼, ਫਰਾਡ ਅਤੇ ਫੋਰਜਰੀ ਆਦਿ ਲਈ ਜੁਮੇਂਵਾਰ ਲੈਂਡ ਮਾਫ਼ੀਏ (ਜਿਸ ਨੂੰ ਮਲੂਕਾ ਸਾਹਿਬ ਦੀ ਸਰਪ੍ਰਸਤੀ ਹਾਂਸਲ ਹੈ) ਦੇ ਖ਼ਿਲਾਫ਼ ਕੇਸ ਦਰਜ ਕਰਨ ਸਬੰਧੀ ਸੀ। ਬਾਦਲ ਸਾਹਿਬ ਨੇ ਇਹ ਮਨਜ਼ੂਰ ਕਰਕੇ ਪੜਤਾਲ ਲਈ ਭੇਜ ਦਿੱਤੀਆਂ। ਹੁਣ ਐਸ ਪੀ ਐੱਚ ਬਠਿੰਡਾ ਇਹਨਾਂ ਦੀ ਨਜ਼ਰਸਾਨੀ ਕਰ ਰਹੇ ਹਨ। ਪਰ ਮਲੂਕਾ ਸਾਹਿਬ ਇਹਨਾਂ ਨੂੰ ਰੱਦ ਕਰਨ ਲਈ ਦਬਾ ਪਾ ਰਹੇ ਹਨ।
ਹੁਣ ਤੁਹਾਡੇ ਧਿਆਨਯੋਗ ਮਸਲਾ ਇਹ ਹੈ ਕਿ:-
ੳ. ਮੈਨੂੰ ਭਰੋਸੇ ਯੋਗ ਵਸੀਲਿਆਂ ਤੋਂ ਪਤਾ ਲਗਾ ਹੈ ਕਿ ਮਲੂਕਾ ਸਾਹਿਬ ਮੈਨੂੰ ਮਰਵਾਉਣ ਦਾ ਮਨ ਬਣਾ ਚੁੱਕੇ ਹਨ। ਉਹਨਾਂ ਇਹ ਇੰਕਸ਼ਾਫ਼ ਆਪਣੇ ਕੁਝ ਨਿੱਜੀ ਵਰਕਰਾਂ (ਜੋ ਕਿਸੇ ਸਮੇਂ ਮੇਰੇ ਭੀ ਨਜ਼ਦੀਕ ਰਹੇ ਹਨ) ਕੋਲ ਕੀਤਾ ਹੈ ਕਿ "ਇਸ ਨਾਲ ਛੇਤੀ ਹੀ ਲਖੇ ਸਿਧਾਣੇ ਵਾਲੀ ਕਰਨੀ ਪੈਣੀ ਹੈ"। ਇਸ ਦੀ ਪੂਰਤੀ ਲਈ ਉਹਨਾਂ ਮੇਰਾ ਆਰਮਜ਼ ਲਾਇਸੰਸ ਰੀਨਿਊ ਹੋਣ ਤੋਂ, ਡੀ ਐਸ ਪੀ ਫੂਲ ਨੂੰ ਕਹਿ ਕੇ ਰੁਕਵਾ ਦਿੱਤਾ ਹੈ। ਜੇ ਤੁਸੀਂ ਮੈਨੂੰ ਮਰਵਾਉਣ ਵਾਰੇ ਮਲੂਕਾ ਸਾਹਿਬ ਨਾਲ ਸਹਿਮਤ ਨਹੀਂ ਤਾਂ, ਮੈਨੂੰ ਸਕਿਉਰਿਟੀ ਦਿੱਤੀ ਜਾਵੇ।
ਅ. ਮੇਰੀ 5 ਕਰੋੜ ਦੀ ਜਾਇਦਾਦ ਹੜੱਪਣ ਵਾਲੇ ਗ੍ਰੋਹ ਦੇ ਖ਼ਿਲਾਫ਼ ਕੇਸ ਰਜਿਸਟਰਡ ਕਰਨਾ ਸਰਕਾਰ ਦੀ ਜੁਮੇਂਵਾਰ ਬਣਦੀ ਹੈ।
ੲ. ਮੇਰੇ ਖ਼ਿਲਾਫ਼ ਝੂਠਾ ਕੇਸ, ਜਿਸ ਦਾ ਨਿਰੀਖਣ ਐਸ ਪੀ ਐੱਚ ਬਠਿੰਡਾ ਕਰ ਚੁੱਕੇ ਹਨ ਖ਼ਾਰਜ ਕੀਤਾ ਜਾਵੇ। ਇਸ ਕੇਸ ਦੇ ਝੂਠੇ ਅਤੇ ਬੇਬੁਨਿਆਦ ਹੋਣ ਸਬੰਧੀ ਜੋ ਤੱਥ ਮੈਂ ਪੁਲਸ ਕਪਤਾਨ ਅੱਗੇ ਰੱਖੇ ਹਨ ਉਹਨਾਂ ਦਾ ਵੇਰਵਾ ਭੀ ਇੱਥੇ ਸੁਖਬੀਰ ਬਾਦਲ ਦੇ ਧਿਆਨਯੋਗ ਲੇਖ ਵਿਚ ਦੇ ਰਿਹਾ ਹਾਂ ਤਾਂ ਕਿ ਅਸਲੀਅਤ ਤੁਹਾਡੇ ਅਤੇ ਸਰਬੱਤ ਸੰਗਤ ਦੇ ਧਿਆਨ ਵਿਚ ਆ ਸਕੇ। ਇਸ ਵਿਚ ਮਲੂਕਾ ਸਾਹਿਬ ਵੱਲੋਂ ਕੀਤੀਆਂ ਧਾਂਦਲੀਆਂ ਅਤੇ ਉਸ ਦੀ ਸਰਪ੍ਰਸਤੀ ਵਾਲੇ ਮਾਫ਼ੀਆ ਗਰੋਹਾਂ ਦੀਆਂ ਕੁਝ ਕੁ ਕਾਰਵਾਈਆਂ ਦਾ ਵੇਰਵਾ ਭੀ ਦਿੱਤਾ ਗਿਆ ਹੈ। ਜੋ ਤੁਹਾਡੇ ਧਿਆਨ ਵਿਚ ਹੋਣਾ ਜ਼ਰੂਰੀ ਹੈ।
ਧੰਨਵਾਦ ਸਹਿਤ
ਹਰਬੰਸ ਸਿੰਘ ਜਲਾਲ