.
03 ਜਦੋਂ ਮੈਂ ਸ ਸਿਮਰਜੀਤ ਸਿੰਘ ਮਾਨ ਸਾਹਿਬ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ।
(ਭੁਲੀਆਂ ਵਿਸਰੀਆਂ ਯਾਦਾਂ)
ਹਰ ਕੌਮ, ਧਰਮ, ਸਮਾਜ ਵਿਚ, ਸਮੁੰਦਰ ਵਾਂਗ ਹੀ ਲਹਿਰਾਂ ਉਠਦੀਆਂ ਰਹਿੰਦੀਆਂ ਹਨ ਤੇ ਕੁਝ ਸਮੇਂ ਬਾਦ ਸ਼ਾਂਤ ਹੋ ਜਾਂਦੀਆਂ ਹਨ। ਅਜੇਹਾ ਹੀ ਸਮਾਂ ਅਕਾਲੀ ਦਲ ਦੇ ਇਤਹਾਸ ਵਿਚ 1984 ਦੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਦ ਹੋਇਆ ਸੀ। ਲੋਕਾਂ ਵਿਚ ਅਕਾਲੀ ਦਲ ਦੇ ਤਿੰਨਾਂ ਲੀਡਰਾਂ ਦਾ ਵਿਰੋਧ ਸਾਫ ਦਿਸ ਰਿਹਾ ਸੀ। ਜਿਸਦਾ ਫਾਇਦਾ ਕਾਂਗਰਸ ਨੂੰ ਮਿਲ ਸਕਦਾ ਸੀ। ਮੈਂ ਕਿਉਂਕੇ ਅਕਾਲੀ ਦਲ ਵਿਚ ਸੀ। ਇਸ ਲਈ, ਇਸ ਨੂੰ ਸਰੱਖਿਅਤ ਰਖਣਾ ਜਰੂਰੀ ਜਾਪਦਾ ਸੀ। ਮੈ ਸੋਚਿਆ ਕਿ ਜਿਹਨਾਂ ਜੁਝਾਰੂਆਂ ਦਾ ਨਾਮ ਪੰਜਾਬ ਵਿਚ ਨਾਮ ਚਲਦਾ ਹੈ, ਜੇ ਉਹਨਾਂ ਵਿਚੋਂ ਹੀ ਕਿਸੇ ਨੂੰ ਅਕਾਲੀਦਲ ਦਾ ਪ੍ਰਧਾਨ ਬਣਾ ਦਿਤਾ ਜਾਏ ਤਾਂ ਅਕਾਲੀਦਲ ਦੀ ਪ੍ਰਤਿਬਾ ਦੁਵਾਰਾ ਬਹਾਲ ਹੋ ਸਕਦੀ ਹੈ। ਇਸੇ ਵਿਚਾਰ ਅਧੀਨ ਹੀ ਮੈਂ ਅਮਰੀਕਾ ਕਨੇਡਾ ਦਾ ਭਰਮਾਂ ਦੌਰਾ ਕੀਤਾ। ਪਰ ਹੈਰਾਨੀ ਏਸ ਗੱਲ ਦੀ ਹੋਈ, ਕਿ ਜੇਹੜੀਆਂ ਸ਼ਖਸੀਅਤਾਂ ਮੇਰੇ ਦਿਮਾਗ ਵਿਚ ਘੁਮ ਰਹੀਆਂ ਸਨ, ਅਮਰੀਕਨ ਕਨੇਡੀਅਨ ਸਿਖ ਉਹਨਾਂ ਵਾਰੇ, ਵਿਰੋਧੀ ਪੱਖ ਪੇਸ਼ ਕਰਦੇ ਸਨ। ਇਸ ਲਈ ਸਫਲਤਾ ਦੀ ਕੋਈ ਆਸ ਬਾਕੀ ਨਾ ਰਹੀ।
ਇਕ ਦਿਨ ਸੁਬਾਹ, ਮੈ ਫਿਰੋਜਪੁਰ ਨੂੰ ਜਾ ਰਿਹਾ ਸੀ, ਸ ਇੰਦਰਜੀਤ ਸਿੰਘ ਦੀ ਕੋਠੀ ਸਾਹਮਣੇ ਖੜੇ ਸੇਵਾਦਾਰ ਨੂੰ ਪੁਛਿਆ ਕਿ ਸਰਦਾਰ ਸਹਿਬ ਜੇਹਲ ਤੋਂ ਕਿਸ ਦਿਨ ਰਿਹਾ ਹੋਣ ਗੇ। ਉਸ ਦਸਿਆ ਕਿ ਉਹ ਤਾਂ ਸੁਬਾਹ ਹੀ ਆ ਗਏ ਹਨ। ਮੈਂ ਅੰਦਰ ਚਲਾ ਗਿਆ। ਮਜਾਕ ਨਾਲ ਪੁਛਿਆ ਕਿ “ਤੁਹਾਡਾ ਕਿਵੇਂ ਸੁਬਾਹ ਸੁਬਾਹ ਹੀ ਰੱਸਾ ਲਾਹ ਦਿਤਾ। ਅੱਜ ਤਾਂ ਕੋਈ ਮੀਟਿੰਗ ਵਗੈਰਾ ਭੀ ਨਹੀਂ”। ਉਹਨਾਂ ਦਸਿਆ ਕਿ ਮੈਂ ਕੱ੍ਹਲ ਰਿਹਾ ਹੋਇਆ ਸੀ। ਜਦ ਉਹਨਾਂ ਮੈਂਨੂੰ ਪੁਛਿਆ ਕਿ ਹੁਣ ਕੀ ਸ਼ੁਗਲ ਹੈ ਤਾਂ ਮੈਂ ਦਸਿਆ ਕਿ ਅਕਾਲੀ ਦਲ ਦਾ ਪ੍ਰਧਾਨ ਲਭਣ ਲਈ ਪ੍ਰਦੇਸ਼ਾਂ ਦੇ ਧਕੇ ਖਾ ਕੇ ਆਇਆ ਹਾਂ। ਪਰ ਕੋਈ ਨਹੀਂ ਲੱਭਾ।
ਉਹ ਹਸਕੇ ਕਹਿਣ ਲਗੇ ਕਿਨੇ ਪ੍ਰਧਾਨ ਚਾਹੀਦੇ ਹਨ। ਪੰਜ ਤਾਂ ਮੇਰੇ ਕੋਲ ਹੀ ਹਨ। ਮੈਂ ਪੁਛਿਆ ਕੇਹੜੇ ਕੇਹੜੇ? ਉਹਨਾਂ ਕਿਹਾ ਇਕ ਬਾਬਾ ਹਰਬੰਸ ਸਿੰਘ ਕਾਰਸੇਵਾ ਵਾਲੇ। ਮੈਂ ਕਿਹਾ ਨਾਂ ਬਈ ਨਾਂ। ਬਾਬਾ ਜੀ ਸਾਡੇ ਦੀਨਾਂ ਸਹਿਬ ਦੀ ਸੇਵਾ ਕਰਵਾ ਰਹੇ ਹਨ। ਉਹਨਾਂ ਦਾ ਅਪਣਾ ਕੱਦ ਸਵਾ ਛੇ ਫੁਟ ਹੈ। ਸੱਤ ਫੁਟ ਦਾ ਖੂੰਡਾ ਰੱਖਦੇ ਹਨ। ਜਦ ਉਹ ਉਗਰਾਹੀ ਵਾਸਤੇ ਆਉਂਦੇ ਹਨ। ਬੀਬੀਆਂ ਤਾਂ ਅੰਦਰੋਂ ਥਾਲ ਜਾਂ ਪਰਾਂਤ ਲੈਣ ਜਾਂਦੀਆਂ ਹਨ। ਸਿੰਘ ਬੋਰੀ ਚੁਕਕੇ ਟਰਾਲੀ ਵਿਚ ਸੁਟ ਲੈਂਦੇ ਹਨ। ਉਹਨਾਂ ਤੋਂ ਇਸ ਸਮੇਂ ਅਕਾਲੀ ਦਲ ਨਹੀਂ ਜਿਤਾ ਹੋਣਾ।
ਇੰਦਰਜੀਤ ਸਿੰਘ ਹਸਕੇ ਕਹਿਣ ਲਗਾ ਚਲੋ ਦੂਜਾ, ਬਾਬਾ ਖੜਕ ਸਿੰਘ। ਮੈਂ ਕਿਹਾ ਨਾਂ ਬਈ ਨਾਂ। ਇਕ ਦਿਨ ਟੌਹੜਾ ਸਹਿਬ ਅੰਮ੍ਰਿਤਸ਼ਰ ਆਪਣੇ ਦਫਤਰ ਬੈਠੇ ਹੋਏ ਸਨ। ਇਕ ਸੇਵਾਦਾਰ ਨੇ ਆਕੇ ਦਸਿਆ ਕਿ ਬਾਬਾ ਜੀ ਲੰਗਰ ਸਾਹਮਣੇ ਅੱਗ ਵਾਂਗ ਤਪਦੇ ਫਰਸ਼ ਤੇ ਲੇਟੇ ਹੋਏ ਹਨ। ਟੌਹੜਾ ਸਹਿਬ ਬਿਨਾਂ ਜੁਤਾ ਪਹਿਨੇ ਹੀ ਉਹਨਾਂ ਵੱਲ ਦੌੜੇ। ਮੈ ਭੀ ਨਾਲ ਹੀ ਗਿਆ। ਟੌ੍ਹੜਾ ਸਹਿਬ ਨੇ ਹੱਥ ਬੰਨਕੇ ਬੇਨਤੀ ਕੀਤੀ ਕਿ ਬਾਬਾ ਜੀ ਕਿਉਂ ਨਰਾਜ ਹੋਏ ਹੋਂ। ਕੀ ਗਲਤੀ ਹੋ ਗਈ ਹੈ। ਉਠੋੋ ਜਿਵੇਂ ਹੁਕਮ ਕਰੋਂਗੇ, ਉਵੇਂ ਹੀ ਹੋਵੇ ਗਾ। ਬਾਬਾ ਜੀ ਨੇ ਉਠਕੇ ਦਸਿਆ ਕਿ ਭਾਈ ਤੇਰਾ ਇੰਜਨੀਅਰ ਮੇਰੇ ਆਖੇ ਨਹੀਂ ਲਗਿਆ। ਮੈਂ ਕਹਿੰਦਾ ਹਾਂ ਕਿ ਲੰਗਰ ਦੀਆਂ ਪੌੜੀਆ ਦਾ ਉਪਰਲਾ ਦਰਵਾਜਾ ਸਾਹਮਣੇ ਰਖਿਆ ਜਾਣਾ ਚਾਹੀਦਾ ਹੈ। ਪਰ ਉਹ ਸਜੇ ਖਬੇ ਦੋ ਦਰਵਾਜੇ ਰਖਣਾ ਚਾਹੁੰਦਾ ਹੈ। ਜਰਾ ਸੋਚੋ। ਜਦ ਗੁਰੁ ਗ੍ਰੰਥ ਸਹਿਬ ਦੀ ਸਵਾਰੀ ਉਪਰ ਲੈਕੇ ਜਾਂਵਾਂ ਗੇ, ਤਾਂ ਗੁਰੁ ਸਹਿਬ ਸਾਹਮਣੇ ਦਰਵਾਜੇ ਰਾਹੀਂ ਹੀ ਲੰਘਣ ਗੇ। ਉਹ ਸਜੇ ਜਾਂ ਖਬੇ ਮੁੜਕੇ ਤਾਂ ਨਹੀਂ ਲੰਘਣ ਗੇ। ਟੌਹੜਾ ਸਹਿਬ ਨੇ ਨਿਮਕੇ ਚਰਨਛੁਹ ਕੀਤੀ। ਕੋਲ ਖੜੇ ਇੰਜਨੀਅਰ ਨੂੰ ਹਦਾਇਤ ਕੀਤੀ, ਜੋ ਬਾਬਾ ਜੀ ਕਹਿਣ ਉਸੇ ਤਰਾਂ ਕਰਨਾ ਹੈ। ਮੇਰੇ ਖਿਆਲ ਵਿਚ ਬਾਬਾ ਜੀ ਮੁੜ ਅਕਾਲੀ ਦਲ ਦੀ ਸਰਕਾਰ ਨਹੀਂ ਬਣਾ ਸਕਣ ਗੇ।
ਉਹ ਫਿਰ ਕਹਿਣ ਲਗੇ ਹੁਣ ਜੋ ਨਾਮ ਲਵਾਂ ਗਾ ਉਹ ਤਾਂ ਮੰਨਣਾ ਹੀ ਪਏ ਗਾ। ਸ਼ਿਮਰਜੀਤ ਸਿੰਘ ਮਾਨ, ਪੁਲਸ ਕਪਤਾਨ, ਫਿਰੋਜਪੁਰ ਫਰੀਦਕੋਟ। ਕੈਪਟਨ ਸਾਹਿਬ ਦਾ ਸਾਢੂ। ਤੇ ਚੌਥਾ ਬਾਬਾ ਜੁਗਿੰਦਰ ਸਿੰਘ। ਸੰਤ ਜਰਨੈਲ ਸਿੰਘ ਜੀ ਦਾ ਬਾਪ। ਮੈਂ ਕਿਹਾ ਦੋਨੋ ਠੀਕ ਹਨ। ਪਰ ਪਹਿਲਾ ਜੇਹਲ ਵਿਚ ਹੈ। ਦੂਸਰੇ ਨੇ ਮੰਨਣਾ ਹੀ ਨਹੀਂ। ਉਸ ਕਿਹਾ ਮਨੌਣ ਦਾ ਕੰਮ ਤੇਰਾ ਹੈ। ਤੂੰ ਹੀ ਪ੍ਰਧਾਨ ਭਾਲਦਾ ਫਿਰਦਾ ਹੈਂ। ਮੈਂ ਕੁਝ ਸੋਚਕੇ ਕਿਹਾ। ਭਾਈ ਸਹਿਬ, ਮੇਰੇ ਨਾਲ ਚੱਲੋ। ਆਪਾਂ ਬਾਬਾ ਜੀ ਨੂੰ ਪਹਿਲਾਂ ਅੰਮ੍ਰਿਤ ਛਕਾਉਣ ਲਈ ਮਨਾਈਏ। ਇਕ ਪ੍ਰੋਗਰਾਮ ਤੁਸੀਂ ਬਣਾਉ। ਇਕ ਮੈਂ ਬਣਾਉਂਦਾ ਹਾਂ। ਇਹ ਵਿਚਾਰ ਕਰਕੇ ਅਸੀਂ ਫਰੀਦਕੋਟ ਤੋਂ ਰੋਡਿਆਂ ਵੱਲ ਨੂੰ ਚੱਲ ਪਏ। ਕੁਝ ਵਿਚਾਰਾਂ ਕਰਨ ਤੋਂ ਬਾਦ ਅਸੀਂ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਕ੍ਹਲ ਨੂੰ ਇੰਦਰਜੀਤ ਦੇ ਯਤਨਾਂ ਨਾਲ ਮੁਦਕੀ ਵਿਖੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਤੇ ਪਰਸੋਂ ਮੇਰੇ ਹਲਕੇ ਫੂਲ ਵਿਚ, ਦਿਆਲਪੁਰਾ ਮਿਰਜਾ ਚ, ਮੈਂ ਅੰਮ੍ਰਿਤ ਸ਼ੰਚਾਰ ਦਾ ਪ੍ਰਬੰਧ ਕੀਤਾ ਹੈ। ਤੁਸੀਂ ਦੋਹਾਂ ਥਾਵਾਂ ਤੇ ਦ੍ਰਸ਼ਣ ਦੇਣ ਦੀ ਕ੍ਰਿਪਾਲਤਾ ਕਰਨੀ। ਸੰਗਤ ਤੁਹਾਡੇ ਵਿਚੋਂ ਸੰਤ ਜਰਨੈਲ ਸਿੰਘ ਜੀ ਦੀ ਰੂਹ ਦੇਖ ਰਹੀ ਹੈ। ਬਾਬਾ ਜੀ ਬਹੁਤ ਸਮਾਂ ਇਨਕਾਰ ਕਰਦੇ ਰਹੇ। ਪਰ ਅਖੀਰ ਥੋੜੇ ਸਮੇਂ ਲਈ ਹਾਜਰ ਹੋਣਾ ਮੰਨ ਗਏ। ਮੁਦਕੀ ਵਿਖੇ ਗਿਆਰਾਂ ਸੌ ਪ੍ਰਾਣੀ ਨੇ ਅੰਮ੍ਰਿਤ ਛਕਿਆ ਤੇ ਦਿਆਲਪੁਰਾ ਮਿਰਜਾ ਵਿਖੇ ਸੱਤ ਸੌ ਪ੍ਰਾਣੀ ਨੇ। ਬਾਬਾ ਜੀ ਦੇ ਚਰਨਛੋਹ ਲਈ ਦੋਹਾਂ ਹੀ
ਥਾਂਵਾਂ ਤੇ ਮਾਨੋ ਹੜ੍ਹ ਆ ਗਿਆ ਸੀ।
ਜਦ ਦੂਸਰੇ ਹਲਕਿਆਂ ਵਿਚ ਪਤਾ ਚਲਾ, ਕਿ ਬਾਬਾ ਜੀ ਅੰਮ੍ਰਿਤ ਸੰਚਾਰ ਵਿਚ ਸ਼ਾਮਲ ਹੋਏ ਹਨ, ਤਾਂ ਉਹ ਬਾਬਾ ਜੀ ਤੋਂ ਸਮਾਂ ਲੈਣ ਲਈ ਸਾਡੇ ਤੱਕ ਪਹੁੰਚ ਕਰਨ ਲਗੇ। ਇਸ ਵਾਰੇ ਜਦ ਬਾਬਾ ਜੀ ਨੂੰ ਬੇਨਤੀ ਕੀਤੀ ਤਾਂ ਉਹਨਾਂ ਰਜਾਮੰਦੀ ਦੇ ਦਿਤੀ। ਪਰ ਹਦਾਇਤ ਕੀਤੀ ਕਿ ਇਕ ਦਿਨ, ਇਕ ਤੋਂ ਵੱਧ ਪ੍ਰੋਗਰਾਮ ਨਾ ਰਖਿਆ ਜਾਏ। ਮੇਰਾ ਖਿਆਲ ਹੈ ਕਿ ਬਾਬਾ ਜੀ ਨੇ ਤਕਰੀਬਨ ਇਕ ਸੌ ਤੋਂ ਵੱਧ ਥਾਂਵਾਂ ਤੇ ਦਰਸ਼ਨ ਦਿਤੇ। ਕੁਝ ਥਾਂਵਾਂ ਤੇ ਪ੍ਰਬਚਨ ਭੀ ਕੀਤੇ। ਪੰਜਾਬ ਵਿਚ ਅਕਾਲੀ ਲਹਿਰ ਮੁੜ ਉਭਰਨ ਲਗੀ। ਬਹੁਤ ਸਾਰੇ ਗੁਰਮੁਖ ਬਾਬਾ ਜੀ ਕੋਲ ਰੋਡੇ ਹੀ ਰਹਿਣ ਲਗੇ। ਜਿਥੇ ਬਾਬਾ ਜੀ ਨਹੀਂ ਪਹੁੰਚ ਸਕਦੇ ਸਨ, ਉਥੇ ਸੰਤ ਜਰਨੈਲ ਸਿੰਘ ਜੀ ਦੇ ਦੋ ਭਾਈ, ਕੈਪਟਨ ਸਹਿਬ ਤੇ ਹਰਜੀਤ ਸਿੰਘ ਜੀ ਪਹੁੰਚਣ ਲਗ ਪਏ। ਕਈ ਨੌਜੁਆਨ ਭੀ ਬਾਬਾ ਜੀ ਕੋਲ ਰੋਡੇ ਹੀ ਰਹਿਣ ਲੱਗ ਪਏ। ਜਿਹਨਾਂ ਵਿਚੋਂ ਮੈਂ ਸਿਰਫ ਖਾਸ ਪੰਥਕ ਹਸ਼ਤੀ, ਗੁਰਦੀਪ ਸਿੰਘ ਬਠਿੰਡਾ ਦਾ ਨਾਮ ਹੀ ਲਵਾਂ ਗਾ।
ਭਾਈ ਜਸਵੀਰ ਸਿੰਘ ਜੀ ਰੋਡੇ, ਜੋ ਜਿਆਦਾ ਸਮਾਂ ਰੋਡਿਆਂ ਤੋਂ ਬਾਹਰ ਹੀ ਰਹਿੰਦੇ ਸਨ। ਹਰ ਸਮੇਂ ਰੋਡੀਂ ਰਹਿਣ ਲਗੇ। ਇਕ ਦਿਨ ਸ਼ਾਮ ਨੂੰ ਦਰਵਾਜੇ ਦੀ ਛੱਤ ਉਪਰ ਬੈਠਿਆਂ, ਭਾਈ ਜਸਵੀਰ ਸਿੰਘ ਜੀ ਨੇ ਆਪਣਾ ਅਖਬਾਰ ਕੱਢਣ ਦੀ ਇਛਾ ਜਾਹਿਰ ਕੀਤੀ। ਪਰ ਮੈਂ ਰਾਇ ਦਿਤੀ ਕਿ ਉਹਨਾਂ ਨੂੰ ਪਹਿਲਾਂ ਸਾਰੇ ਪੰਜਾਬ ਦਾ ਦੌਰਾ ਕਰਕੇ ਲੋਕਾਂ ਵਿਚ ਰਾਜਨੀਤਕ ਉਭਾਰ ਪੈਦਾ ਕਰਨਾ ਚਾਹੀਦਾ ਹੈ। ਕੈਪਟਨ ਸਹਿਬ ਭੀ ਇਸ ਖਿਆਲ ਨਾਲ ਸਹਿਮਤ ਹੋ ਗਏ। ਸਿੰਘ ਸਾਹਿਬ ਭਾਈ ਜਸਬੀਰ ਸਿੰਘ ਜੀ ਰੋਡੇ ਦੀ ਅਗਵਾਈ ਵਿਚ ਤਕਰੀਬਨ ਸਾਰੇ ਪੰਜਾਬ ਦਾ ਭਰਮਣ ਕੀਤਾ ਗਿਆ। ਧਾਰਮਿਕ ਲਹਿਰ ਰਾਜਨੀਤਕ ਲਹਿਰ ਬਣ ਗਈ। ਨਵਾਂ ਅਕਾਲੀ ਦਲ ਬਨਾਉਣ ਦੀ ਲੋੜ ਮਹਿਸੂਸ ਕੀਤੀ ਗਈ। ਭਾਈ ਜਸਬੀਰ ਸਿੰਘ ਜੀ ਦੀ ਇਛਾ ਪ੍ਰਧਾਨ ਬਨਣ ਦੀ ਨਹੀਂ ਸੀ। ਉਹ ਸਿੰਘ ਸਾਹਿਬ ਹੀ ਬਨਣਾ ਚਾਹੁੰਦੇ ਸਨ।
ਇਸ ਸਬੰਧ ਸਬੰਧ ਵਿਚ ਬਾਬਾ ਜੀ ਨੇ ਆਪਣੇ ਨੌਜੁਆਨ ਸੇਵਾਦਾਰਾਂ ਤੋਂ ਰਾਇ ਲਈ। ਸਭ ਬਾਬਾ ਜੀ ਨੂੰ ਜਾਂ ਉਹਨਾਂ ਦੇ ਪ੍ਰਵਾਰ ਵਿਚੋਂ ਕਿਸੇ ਨੂੰ ਪ੍ਰਧਾਨ ਬਨਾਉਣ ਦੀ ਰਾਇ ਹੀ ਦਿੰਦੇ ਸਨ। ਇਕ ਦਿਨ ਬਾਬਾ ਜੀ ਨੇ ਮੈਨੂੰ ਭੀ ਇਸ ਸਬੰਧੀ ਰਾਇ ਦੇਣ ਲਈ ਕਿਹਾ। ਮੈਂ ਕਿਹਾ ਸ਼ਿਮਰਜੀਤ ਸਿੰਘ ਨੂੰ ਪ੍ਰਧਾਨ ਬਣਾ ਲਉ। ਉਹ ਜੇਹਲ ਵਿਚ ਹਨ। ਆਪ ਉਹਨਾਂ ਦੀ ਥਾਂ ਐਕਟਿੰਗ ਪ੍ਰਧਾਨ ਬਣ ਜਾਉ। ਬਹੁਤ ਫਾਇਦੇ ਹਨ। ਵਿਰੋਧੀ ਸਾਨੂੰ ਅਨਪੜਾਂ ਦਾ ਟੋਲਾ ਨਾਂ ਕਹਿਣ ਗੇ। ਸ਼ਾਹੀ ਖਾਨਦਾਨ ਨਾਲ ਸਬੰਧਿਤ ਹੈ। ਬਿਉਰੋਕ੍ਰੇਟ ਹੈ। ਵਧੀਆ ਰਹੇ ਗਾ। ਨਾਂ ਉਹ ਜੇਹਲ ਵਿਚੋਂ ਆਉਣ ਗੇ। ਨਾਂ ਹੀ ਪ੍ਰਧਾਨਗੀ ਦੀ ਚੋਣ ਦਾ ਰੇੜਕਾ ਹੋਵੇ ਗਾ। ਬਾਬਾ ਜੀ ਨੇ ਪੁਛਿਆ ਕੇ ਆਕੇ ਉਹ ਕਿਵੇਂ ਰਹੇ ਗਾ। ਮੈਂ ਕਿਹਾ ਜੀ “ਕਿਲੇ ਤੇ ਖੜਾ ਪੰਜ ਸੌ ਦਾ ਹੈ, ਜਿਦੇਂ ਜੋੜ ਲਿਆ, ਉਦੇਂ ਹੀ ਬੈਠ ਜਾਏ ਗਾ”। ਬਾਬਾ ਜੀ ਕਹਿੰਦੇ ਭਾਈ ਮੈਂ ਤੇਰੀ ਗੱਲ ਸਮਝ ਨਹੀਂ ਸਕਿਆ। ਮੈਂ ਕਿਹਾ ਮੇਰੇ ਕੋਲ ਭੀ ਸਮਝਾਉਣ ਲਈ ਹੋਰ ਸ਼ਬਦ ਨਹੀਂ ਹਨ। ਸਮਾਂ ਆਉਣ ਤੇ ਆਪ ਹੀ ਸਮਝ ਜਾਉਂ ਗੇ। ਪਰ ਇਹ ਚੋਣ ਸਭ ਤੋਂ ਵਧੀਆ ਹੈ।
ਸਮਾਂ ਗੁਜਰਦਾ ਗਿਆ। ਹਰ ਸਭਾ ਵਿਚ ਮਾਨ ਸਾਹਿਬ ਦਾ ਜਿਕਰ ਅਨੇਕਾਂ ਗੁਣਾ ਨਾਲ ਕੀਤਾ ਜਾਂਦਾ ਸੀ। ਹਰ ਇਕੱਤਰਤਾ ਵਿਚ ਮਾਨ ਸਾਹਿਬ ਦੀ ਯੋਗਤਾ, ਮਾਨ ਸਾਹਿਬ ਦਾ ਸਿਖੀ ਪ੍ਰੇਮ, ਮਾਨ ਸਾਹਿਬ ਦੇ ਬਾਪ ਤੇ ਪ੍ਰਵਾਰ ਦੀ ਸੋਭਾ, ਵਾਰ ਵਾਰ ਕੀਤੀ ਜਾਂਦੀ ਸੀ। ਅਖੀਰ ਉਹ ਸਮਾਂ ਆ ਗਿਆ ਜਦ ਮਾਨ ਸਾਹਿਬ ਰਿਹਾ ਹੋ ਗਏ। ਉਹਨਾਂ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਉਤਰਨਾਂ ਸੀ। ਰੋਡਿਆਂ ਵਾਲਿਆਂ ਦਾ ਤਕਰੀਬਨ ਸਾਰਾ ਪ੍ਰਵਾਰ ਪੰਜ ਗਡੀਆਂ ਤੇ ਅੰਮ੍ਰਿਤਸਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਘਰ ਪਹੁੰਚ ਗਿਆ। ਮਾਨ ਸਾਹਿਬ ਦੇ ਰਿਸ਼ਤੇਦਾਰਾਂ ਕੋਲ ਇਹ ਸੁਨੇਹਾਂ ਪਹੁੰਚਾ ਦਿਤਾ ਕਿ ਬਾਬਾ ਜੀ ਬ੍ਰਹਮਪੁਰਾ ਦੇ ਘਰ ਇੰਤਜਾਰ ਕਰ ਰਹੇ ਹਨ। ਸਭ ਨੂੰ ਉਮੀਦ ਸੀ ਕਿ ਮਾਨ ਸਹਿਬ ਸਿਧੇ ਬਾਬਾ ਜੀ ਕੋਲ ਆਕੇ ਸਤਿਕਾਰ ਭੇਂਟ ਕਰਨਗੇ। ਤਿੰਨ ਚਾਰ ਘੰਟੇ ਬਾਦ ਪਤਾ ਚਲਾ ਕਿ ਮਾਨ ਸਹਿਬ ਆਪਣੀ ਭੈਣ ਦੇ ਘਰ ਪਹੁੰਚ ਗਏ ਹਨ। ਬਾਬਾ ਜੀ ਦਾ ਸਾਰਾ ਲਾਣਾ ਭੈਣ ਦੇ ਘਰ ਪਹੁੰਚ ਗਿਆ। ਪਰ ਇਥੇ ਭੀ ਕੁਝ ਭੱਦਾ ਹੀ ਸਲੂਕ ਮਿਲਿਆ। ਕੋਈ ਖਾਲੀ ਕਮਰਾ ਉਹਨਾਂ ਨੂੰ ਨਹੀਂ ਮਿਲਿਆ। ਉਹ ਪਿਛਲੇ ਇਕ ਕਮਰੇ ਵਿਚ ਬੈਠ ਗਏ। ਤਕਰੀਬਨ ਡੇਢ ਘੰਟਾ ਉਡੀਕਣ ਬਾਦ ਭੀ ਮਾਨ ਸਾਹਿਬ ਮਿਲਣ ਲਈ ਨਾਂ ਆਏ। ਸ਼ਾਮ ਹੋ ਰਹੀ ਸੀ।
ਮੈਂ ਕਿਹਾ ਮਿਲਣ ਵਾਲੇ ਬਹੁਤ ਬਾਹਲੇ ਹਨ। ਉਹ ਭੁਲ ਗਏ ਹੋਣ ਗੇ। ਆਪਾਂ ਨੂੰ ਉਹਨਾਂ ਕੋਲ ਚੱਲਕੇ ਜਾਣ ਦੀ ਇਜਾਜਤ ਲੈ ਲੈਣੀ ਚਾਹੀਦੀ ਹੈ। ਸੰਤ ਜਰਨੈਲ ਸਿੰਘ ਜੀਦੇ ਭਰਾਤਾ ਕੈਪਟਨ ਸਹਿਬ ਨੇ ਮਾਨ ਸਾਹਿਬ ਦੇ ਮੋਢੇ ਨੂੰ ਹੱਥ ਲਾਕੇ ਹੱਥ ਜੋੜਕੇ ਬੇਨਤੀ ਕੀਤੀ। “ਚੰਗਾ, ਮਾਨ ਸਹਿਬ ਸਾਨੂੰ ਜਾਣ ਦੀ ਇਜਾਜਤ ਦਿਉ। ਹਨੇਰਾ ਹੋ ਰਿਹਾ ਹੈ”। ਮਾਨ ਸਾਹਿਬ ਪੂਰੀ ਨਰਾਜਗੀ ਨਾਲ ਬੋਲੇ “ਸਰਦਾਰ ਜੀ, ਥੋਨੂੰ ਦੀਹਦਾ ਨੀਂ। ਮੈਂ ਗੱਲ ਕਰ ਰਿਹਾ ਹਾਂ”। ਕੈਪਟਨ ਸਾਹਿਬ ਵਾਪਿਸ ਆ ਗਏ। ਸ਼ਾਇਦ ਉਹ ਸਮਝ ਗਏ ਸਨ ਕਿ ਇਹ ਮਾਨ ਸਾਹਿਬ ਦਾ ਤਕੀਆ ਕਲਾਮ ਹੈ। ਪੁਲਿਸ ਅਫਸਰ ਵਲੋਂ ਸਰਦਾਰ ਜੀ ਕਹਿਣਾ ਇਕ ਗਾਲ ਬਰਾਬਰ ਸਮਝਿਆ ਜਾਂਦਾ ਹੈ। ਸਾਰਾ ਕਾਫਲਾ ਬਿਨਾਂ ਮਾਨ ਸਾਹਿਬ ਨਾਲ ਕੋਈ ਗੱਲ ਕੀਤੀ ਵਾਪਿਸ ਆ ਗਿਆ। ਜਗਜੀਤ ਸਿੰਘ ਤੇ ਬਾਬਾ ਜੀ ਮੇਰੀ ਅੰਬੈਸਡਰ ਵਿਚ ਬੈਠ ਗਏ। ਰਸ਼ਤੇ ਵਿਚ ਕੈਪਟਨ ਸਹਿਬ ਨੇ ਬਾਬਾ ਜੀ ਨੂੰ ਕਿਹਾ ਕਿ ਤੁਹਾਨੂੰ ਜਲਾਲ ਸਹਿਬ ਦੀ ਉਸ ਗੱਲ ਦੀ ਸਮਝ ਆ ਗਈ ਹੈ ਕਿ ਨਹੀ। ਬਾਬਾ ਜੀ ਨੇ ਪੁਛਿਆ ਕੇਹੜੀ? ਉਹੀ ਕਿ ਕਿਲੇ ਤੇ ਖੜਾ੍ਹ ਪੰਜ ਸੌ ਦਾ ਹੈ, ਜਿਦੇਂ ਜੋੜ ਲਿਆ ਉਦੇਂ ਹੀ ਬੈਠ ਜਾਏ ਗਾ। ਬਾਬਾ ਜੀ ਨੇ ਉਦਾਸ ਜਿਹੇ ਲਹਿਜੇ ਨਾਲ ਕਿਹਾ “ਆ ਗਈ ਹੈ। ਹੁਣ ਆਈ ਹੈ ਤੇਰੇ ਯਾਦ ਕਰਵਾਉਣ ਤੇ, ਆ ਗਈ ਹੈ ਹੁਣ” ਮੈਂ ਅੰਦਾਜਾ ਲਗਾਇਆ ਕਿ ਅੱਜ ਤੋਂ ਇਸ ਲਹਿਰ ਦੀ ਡਾਊਨਫਾਲ ਸ਼ੁਰੂ ਹੋ ਗਈ ਹੈ।
ਮੈਂ ਸਮਝ ਗਿਆ ਸੀ ਕਿ ਮਨਾਂ ਵਿਚ ਜੋ ਤ੍ਰੇੜ ਆ ਗਈ ਹੈ। ਇਹ ਛੇਤੀ ਮਿਟਾਈ ਨਹੀਂ ਜਾ ਸਕਦੀ। ਉਹੀ ਗੱਲ ਹੋਈ। ਜੋ ਕਈ ਸਮੇਂ, ਵੱਖ ਵੱਖ ਰੂਪਾਂ ਵਿਚ ਜਾਹਰ ਹੋਈ। ਮੈਂ ਹਰ ਸਮੇਂ ਯਤਨ ਕਰਦਾ ਰਿਹਾ ਕਿ ਮੁੜ ਦਿਲੀ ਪਿਆਰ ਬਣ ਜਾਏ। ਪਰ ਮਾਨ ਸਾਹਿਬ ਦੀ ਨਵੇਕਲੀ ਸੋਚ ਨੇ ਕੋਈ ਕਾਮਯਾਬੀ ਨਹੀਂ ਹੋਣ ਦਿਤੀ। ਉਦਾਹਰਣ ਵਜੋਂ ਮਾਨ ਸਾਹਿਬ ਦੀ ਚੰਡੀਗੜ ਕੋਠੀ ਵਿਚ ਬਾਦਲ ਸਹਿਬ ਤੇ ਸ ਗੁਰਤੇਜ ਸਿੰਘ ਆਈ ਏ ਐਸ ਮਾਨ ਸਹਿਬ ਨੂੰ ਮਿਲਣ ਆਏ। ਸ਼ਾਮ ਅੱਠ ਵਜੇ ਤੋਂ ਬਾਰਾਂ ਵਜੇ ਤੱਕ ਮਾਨ ਸਹਿਬ ਉਹਨਾਂ ਨੂੰ ਨਹੀਂ ਮਿਲੇ। ਉਹ ਗੁਰਤੇਜ ਸਿੰਘ ਦੀ ਕਾਰ ਵਿਚ, ਜੋ ਬਾਹਰ ਪਾਰਕ ਵਿਚ ਖੜੀ ਸੀ, ਵਿਚ ਹੀ ਬੈਠੇ ਰਹੇ। ਮਾਨ ਸਹਿਬ ਮਿਲਣਾ ਨਹੀਂ ਚਾਹੁੰਦੇ ਸਨ। ਮਾਨ ਸਹਿਬ ਨੂੰ ਅਰਾਮ ਕਰਨ ਦੀ ਸਲਾਹ ਦੇ ਕੇ ਸਿੰਘਾਂ ਨੇ ਬਾਹਰੋਂ ਤਾਲਾ ਲਾ ਦਿਤਾ। ਜਦ ਮੈਂਨੂੰ ਗੁਰਤੇਜ ਸਿੰਘ ਤੇ ਬਾਦਲ ਸਹਿਬ ਵਾਰੇ ਪਤਾ ਲਗਾ ਤਾਂ ਮੈਂ ਗੁਰਦੀਪ ਸਿੰਘ ਨੂੰ ਰਾਇ ਦਿਤੀ ਕਿ ਆਪਾਂ ਨੂੰ, ਮਾਨ ਸਹਿਬ ਨੂੰ, ਉਹਨਾਂ ਨੂੰ ਮਿਲਣ ਲਈ ਬੇਨਤੀ ਕਰਨੀ ਚਾਹੀਦੀ ਹੈ। ਤਾਲਾ ਖੋਹਲਕੇ ਮਾਨ ਸਹਿਬ ਨੂੰ ਬੇਨਤੀ ਕੀਤੀ ਕਿ ਉਹ ਦਰਸ਼ਨਾਂ ਨੂੰ ਆਏ। ਤੁਸੀਂ ਕੌਮ ਦੇ ਲੀਡਰ ਹੋਂ। ਤੁਸੀਂ ਦਰਸ਼ਣ ਦੇਣ ਤੋਂ ਇਨਕਾਰ ਕਿਵੇਂ ਕਰ ਸਕਦੇ। ਜਿਸਦੇ ਫਲਸਰੂਪ ਕੁਝ ਸਮੇਂ ਲਈ ਮਿਲਣ ਦੀ ਸਾਂਝ ਬਣੀ।
ਖੇਰ, ਨਜਦੀਕ ਤੋਂ ਦੇਖਣ ਵਾਲਿਆਂ ਨੂੰ ਇਹ ਤ੍ਰੇੜਾਂ ਬਹੁਤ ਵਾਰ ਦਿਸੀਆਂ, ਪਰ ਇਹ ਸੰਗਤ ਵਿਚ ਨਹੀਂ ਪਹੁੰਚੀਆਂ। ਪਾਰਲੀਮੈਂਟ ਦੀ ਚੋਣ ਹੋਈ। ਮਾਨ ਅਕਾਲੀ ਦਲ ਨੌਂ ਸੀਟਾਂ ਜਿਤ ਗਿਆ। ਸਿਰਫ ਰਾਜਦੇਵ ਬਰਨਾਲਾ, ਬਾਬਾ ਜੀ ਨਾਲ ਰਿਹਾ। ਬਾਕੀ ਸਾਰੇ ਮੈਂਬਰ ਮਾਨ ਸਹਿਬ ਦੇ ਹਾਮੀ ਸਨ। ਮਾਨ ਸਹਿਬ ਨੇ ਕਿਰਪਾਨ ਦੇ ਮਸਲੇ ਤੇ ਪਾਰਲੀਮੈਂਟ ਅੰਦਰ ਜਾਣ ਤੇ ਸਹੁੰ ਚੁਕਣ ਤੋਂ ਇਨਕਾਰ ਕਰ ਦਿਤਾ। ਮੈਂ ਇਕ ਦਿਨ ਮਾਨ ਸਾਹਿਬ ਦਾ ਮੂਡ ਭਾਂਪਦਿਆਂ ਜਾਨਣਾ ਚਾਹਿਆ, ਕਿ ਮਾਨ ਸਾਹਿਬ ਤੁਹਾਡਾ ਪਹਿਲਾ ਉਦੇਸ਼ ਕੀ ਹੈ? ਕੀ ਪਹਿਲਾ ਉਦੇਸ ਸਿਖਾਂ ਲਈ ਆਪਣੇ ਘਰ ਦੀ ਪ੍ਰਾਪਤੀ ਹੈ ਕਿ ਸ੍ਰਿੀ ਸਾਹਿਬ ਦਾ ਸਤਿਕਾਰ? ਜੇ ਸਿਖਾਂ ਲਈ ਆਪਣੇ ਸਿਖੀ ਮਹੌਲ ਵਾਲਾ ਘਰ ਪ੍ਰਾਪਤ ਕਰਨਾ ਚਾਹੁੰਦੇ ਹੋਂ ਤਾਂ ਤੁਸੀਂ ਪਾਰਲੀਮੈਂਟ ਵਿਚ ਜਾਕੇ ਸਿਖ ਹੋਮ ਲੈਂਡ ਦਾ ਮਤਾ ਪੇਸ਼ ਕਰ ਸਕਦੇ ਹੋਂ। ਸਾਰੀ ਦੁਨੀਆਂ ਵਿਚ ਤੁਹਾਡੀ ਮੰਗ ਕੌਮਾਂਤਰੀ ਪ੍ਰੈਸ ਰਾਹੀਂ ਪਹੁੰਚੇ ਗੀ। ਜੇ ਪੂਰਾ ਨਹੀਂ ਮਿਲੇ ਗਾ, ਤਾਂ ਸਾਇਦ ਕਸ਼ਮੀਰ ਵਾਂਗ ਵਿਸ਼ੇਸ ਅਧਿਕਾਰ ਸੂਬਾ ਹੀ ਮਿਲ ਜਾਏ। ਮਾਨ ਸਾਹਿਬ ਨੇ ਕਿਹਾ “ਸਿਖ ਲਈ, ਸ੍ਰਿੀ ਸਾਹਿਬ ਪਹਿਲੇ ਹੈ, ਹੋਰ ਸਭ ਕੁਝ ਬਾਦ”।
ਪਾਰਲੀਮੈਂਟ ਦੀ ਦੂਸਰੀ ਚੋਣ ਆ ਗਈ। ਜਗਮੀਤ ਸਿੰਘ ਬਰਾੜ ਨੇ ਆਪਣੀ ਵਖਰੀ ਨੈਸ਼ਨਲ ਕਾਂਗਰਸ ਬਣਾਈ ਹੋਈ ਸੀ। ਜਗਮੀਤ ਸਿੰਘ ਪੰਥਕ ਧਿਰਾਂ ਨਾਲ ਸਾਂਝ ਚਾਹੁੰਦਾ ਸੀ। ਪਰ ਪੰਥਿਕ ਧਿਰਾਂ ਕਾਂਗਰਸ ਨਾਮ ਨਾਲ ਸਾਂਝ ਪਾਉਣੀ ਨਹੀਂ ਸੀ ਚਾਹੁੰਦੀਆਂ। ਮੈਂ ਕੈਪਟਨ ਰੋਡੇ ਸਾਹਿਬ ਰਾਹੀ ਪੰਥਿਕ ਧਿਰਾਂ ਨੂੰ ਜਗਮੀਤ ਸਿੰਘ ਨਾਲ ਮੀਟਿੰਗ ਲਈ ਮਨਾ ਲਿਆ। ਰੋਡਿਆਂ ਵਾਲਾ ਪ੍ਰਵਾਰ ਫਰੀਦਕੋਟ ਆਪਣੇ ਲਈ ਰਖਣਾ ਚਾਹੁੰਦਾ ਸੀ। ਪਰ ਜਗਮੀਤ ਸਿੰਘ ਫਰੀਦਕੋਟ, ਫਿਰੋਜਪੁਰ ਤੇ ਬਠਿੰਡਾ ਮੰਗਦਾ ਸੀ। ਰੋਡੇ ਕੈਪਟਨ ਸਹਿਬ ਦੇ ਘਰ ਮੀਟਿੰਗ ਹੋਈ। ਬਠਿੰਡਾ ਤੇ ਫਿਰੋਜਪੁਰ ਜਗਮੀਤ ਸਿੰਘ ਨੂੰ ਦੇਣ ਦਾ ਫੈਸ਼ਲਾ ਹੋ ਗਿਆ। ਅਚਾਨਕ ਜਗਮੀਤ ਸਿੰਘ ਨੂੰ ਮੁਕਤਸਰ ਤੋਂ ਟੈਲੀਫੋਨ ਆ ਗਿਆ। ਜਗਮੀਤ ਸਿੰਘ ਨੇ ਮੈਨੂੰ ਉਠਾਕ,ੇ ਪਾਸੇ ਲਿਜਾਕੇ ਕਿਹਾ, ਕਿ ਮੈਂਨੂੰ ਹੁਣੇ ਟੈਲੀਫੋਨ ਆਇਆ ਹੈ ਕਿ ਕਾਂਗਰਸ ਨੇ ਟਿਕਟ ਸਰਾਏ ਨਾਗਾ ਨੂੰ ਨਹੀਂ ਦਿਤੀ। ਗਿਆਨੀ ਜੈਲ ਸਿੰਘ ਦੇ ਪ੍ਰਵਾਰ ਵਿਚ ਜੋਗਿੰਦਰ ਸਿੰਘ ਨੂੰ ਦਿਤੀ ਹੈ। ਉਸਦੇ ਮੁਕਾਬਲੇ ਮੈਂ ਸਿਧਾ ਹੀ ਜਿਤਦਾ ਹਾਂ। ਫਿਰ ਆਪਾਂ ਨੂੰ ਪੰਥਕ ਧਿਰਾਂ ਨਾਲ ਸਾਂਝ ਪਾਉਣ ਦੀ ਲੋੜ ਹੀ ਨਹੀਂ ਰਹਿਣੀ। ਤੁਸੀਂ ਅੱਜ ਦੀ ਮੀਟਿੰਗ ਮੁਲਤਵੀ ਕਰਵਾ ਦੇਵੋ। ਮੈਂ ਜਗਮੀਤ ਸਿੰਘ ਨੂੰ ਰਾਇ ਦਿਤੀ ਕਿ ਪੰਜਾਬ ਦਾ ਮਹੌਲ ਪੰਥਕ ਧਿਰਾਂ ਦੇ ਹੱਕ ਵਿਚ ਹੈ। ਮੈਂ ਰੋਡਿਆਂ ਵਾਲਿਆਂ ਨੂੰ ਮਨਾ ਲੈਂਦਾ ਹਾਂ ਤੁਹਾਨੂੰ ਬਠਿੰਡਾ, ਫਰੀਦਕੋਟ, ਫਿਰੋਜਪੁਰ ਤਿੰਨ ਸੀਟਾਂ ਮਿਲ ਸਕਦੀਆਂ ਹਨ। ਤੁਸੀ ਮੀਟਿੰਗ ਮੁਲਤਵੀ ਨਾ
ਕਰਵਾਉ। ਪਰ ਉਸ ਸਮੇਂ ਜਗਮੀਤ ਸਿੰਘ ਨਹੀਂ ਮੰਨੇ।
ਤੀਸਰੇ ਦਿਨ ਮੈਂਨੂੰ ਜਗਮੀਤ ਸਿੰਘ ਦਾ ਟੈਲੀਫੋਨ ਆਇਆ ਕਿ ਮੀਟਿੰਗ ਦੁਵਾਰਾ ਬੁਲਾਉ। ਜਿਵੇਂ ਤੁਸੀਂ ਕਹਿੰਦੇ ਸੀ ਉਵੇਂ ਸਮਝੋਤਾ ਕਰਵਾ ਦੇਵੋ। ਮੈਂ ਕਿਹਾ ਯਤਨ ਕਰਕੇ ਦੇਖ ਲੈਂਦੇ ਹਾਂ। ਮੈਂ ਸਭ ਜਾਣਕਾਰਾਂ ਨੂੰ ਟੈਲੀਫੋਨ ਕੀਤੇ। ਸਭ ਦਾ ਇਕੋ ਜਵਾਬ ਸੀ ਕਿ ਅਸੀਂ ਆਪਣੇ ਉਮੀਦਵਾਰ ਐਲਾਨ ਦਿਤੇ ਹਨ। ਬਠਿਂਡਾ ਵਿਚ ਭੀ ਮਾਨ ਸਾਹਿਬ ਨੇ ਵਖਰਾ ਤੇ ਜਗਮੀਤ ਸਿੰਘ ਨੇ ਕੁਲਦੀਪ ਮਾਣਕ ਜਲਾਲ ਨੂੰ ਆਪਣਾ ਉਮੀਦਾਵਾਰ ਬਣਾਇਆ। ਦੋਹਾਂ ਦੀ ਪਤਲੀ ਹਾਲਤ ਸਾਫ ਦਿਸ ਰਹੀ ਸੀ। ਪਰ ਮਾਣਕ ਕਲਾਕਾਰ ਹੋਣ ਕਰਕੇ ਕੁਝਕੁ ਭਾਰਾ ਜਾਪਦਾ ਸੀ। ਮੈਂ ਸੋਚਿਆ ਜੇ ਮਾਨ ਸਾਹਿਬ ਨੂੰ ਬੇਨਤੀ ਕਰੀ ਜਾਏ ਕਿ ਉਹ ਆਪਣਾ ਉਮੀਦਵਾਰ ਮਾਣਕ ਦੇ ਹੱਕ ਵਿਚ ਬਠਾ ਲੈਣ ਤਾਂ ਦੋਹਾਂ ਦੀ ਜਮਾਨਤ ਬਚ ਸਕਦੀ ਹੈ।
ਮੈਂ ਮਾਨ ਸਹਿਬ ਨੂੰ ਮਿਲਣ ਵਾਸਤੇ ਗਿਆ। ਬਰਨਾਲੇ ਗੁਰਦੁਆਰਾ ਨਾਨਕਸਰ ਕੋਲ, ਪ੍ਰਮਜੀਤ ਸਿੰਘ ਦੀ ਕੋਠੀ ਵਿਚ, ਮਸ਼ਲੇ ਤੇ ਵਿਚਾਰ ਹੋਈ। ਮਾਨ ਸਹਿਬ ਨੇ ਕੁਝ ਹਾਂ ਪਖੀ ਹੁੰਗਾਰਾ ਭਰਿਆ, ਕਿ ਬਠਿਡੇ ਵਰਕਰਾਂ ਨਾਲ ਮਸ਼ਵਰੇ ਤੋਂ ਬਾਦ ਹੀ ਕੋਈ ਫੈਸ਼ਲਾ ਹੋ ਸਕਦਾ ਹੈ। ਇਤਨੇ ਵਿਚ ਹੀ ਮਾਨ ਸਹਿਬ ਨੂੰ ਕਲਕੱਤੇ ਤੋਂ ਟੈਲੀਫੋਨ ਆ ਗਿਆ, ਕਿ ਅੱਜ ਪੰਜਾਹ ਕਾਰਾਂ ਪੰਜਾਬ ਲਈ ਰਵਾਨਾ ਕਰ ਦਿਤੀਆਂ ਗਈਆਂ ਹਨ, ਤੇ ਬਾਕੀ ਪੰਜਾਹ ਦੋ ਤਿੰਨ ਦਿਨਾਂ ਵਿਚ ਭੇਜ ਦਿਤੀਆਂ ਜਾਣ ਗੀਆਂ। ਅਧੀ ਕੁ ਰਕਮ ਲੈਕੇ ਤੁਹਾਡੇ ਕੋਲ ਕੱਲ੍ਹ ਅਦਮੀ ਪਹੁੰਚ ਜਾਏ ਗਾ। ਬਾਕੀ ਰਹਿੰਦੀ ਦੋ ਚਾਰ ਦਿਨਾਂ ਵਿਚ ਇਕੱਠੀ ਹੋ ਜਾਏ ਗੀ। ਪਰ ਜੋ ਆਦਮੀ ਟੈਲੀਫੋਨ ਤੇ ਗੱਲ ਕਰ ਰਿਹਾ ਸੀ, ਉਹ ਅਵਾਜ ਮੈਂਨੂੰ ਬਹੁਤ ਜਾਣੀ ਪਹਿਚਾਣੀ ਲਗੀ, ਕਿਉਂਕੇ ਉਹ ਅਦਮੀ ਦੂਰ ਨੇੜੇ ਤੋਂ ਮੇਰਾ ਰਿਸ਼ਤੇਦਾਰ ਸੀ। ਉਹ ਅਵਾਜ ਜਾਪਦੀ ਸੀ ਸਰਦਾਰ ਮੇਹਰ ਸਿੰਘ ਗਰੀਬ ਦੀ, ਜੋ ਹਰ ਸਮੇਂ ਬਾਦਲ ਸਹਿਬ ਦੇ ਬਹੁਤ ਹੀ ਨਜਦੀਕ ਰਿਹਾ ਸੀ।
ਮੈਂ ਮਾਨ ਸਾਹਿਬ ਨੂੰ ਉਠਕੇ ਫਤੇਹ ਬੁਲਾਈ, ਤੇ ਬਿਨਾਂ ਕੋਈ ਹੋਰ ਗੱਲ ਕੀਤਿਆਂ ਵਾਪਿਸ ਆ ਗਿਆ। ਮੈਂਨੂੰ ਸਮਝ ਆ ਗਈ ਸੀ, ਕਿ ਮੈਂ ਰਾਜਨੀਤੀ ਦੇ ਕਾਬਿਲ ਨਹੀ। ਮੈਂ ਪੰਜਾਬ ਦੀ ਅਜੇਹੀ ਰਾਜਨੀਤੀ ਵਿਚ ਨਹੀਂ ਵਿਚਰ ਸਕਦਾ। ਮੇਰੀ ਜਮੀਰ ਰਜਨੀਤੀ ਦੀ ਇਜਾਜਤ ਨਹੀਂ ਦਿੰਦੀ। ਗੁਰ ਫਤੇਹ ਪ੍ਰਵਾਨ ਹੋਵੇ। ਤੁਹਾਡਾ ਸੇਵਾਦਾਰ: ਹਰਬੰਸ ਸਿੰਘ ਜਲਾਲ।